ਕਾਬੁਲ (ਏਪੀ) : ਅਫ਼ਗਾਨਿਸਤਾਨ ਦੇ ਸਿਹਤ ਮੰਤਰੀ ਫਿਰੋਜ਼ੁਦੀਨ ਫਿਰੋਜ਼ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਇਨਫੈਕਸ਼ਨ ਦੇ 215 ਮਾਮਲੇ ਸਾਹਮਣੇ ਆਏ। ਇਸ ਤਰ੍ਹਾਂ ਮੁਲਕ 'ਚ ਹੁਣ ਕੋਰੋਨਾ ਇਨਫੈਕਟਿਡ ਲੋਕਾਂ ਦੀ ਗਿਣਤੀ 3700 ਤੋਂ ਜ਼ਿਆਦਾ ਹੋ ਗਈ ਹੈ। 100 ਤੋਂ ਜ਼ਿਆਦਾ ਲੋਕ ਦਮ ਤੋੜ ਚੁੱਕੇ ਹਨ। ਕੋਰੋਨਾ ਮਹਾਮਾਰੀ 'ਚ ਅਫ਼ਗਾਨਿਸਤਾਨ ਨੂੰ ਲੈ ਕੇ ਸੰਯੁਕਤ ਰਾਸ਼ਟਰ (ਯੂਐੱਨ) ਵਰਗੀਆਂ ਵਿਸ਼ਵ ਸੰਸਥਾਵਾਂ ਚਿੰਤਾ ਪ੍ਰਗਟਾ ਚੁੱਕੀਆਂ ਹਨ। ਪੱਛਮੀ ਏਸ਼ੀਆ 'ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮੁਲਕ ਈਰਾਨ 'ਚ ਰੁਜ਼ਗਾਰ ਪਾਉਣ ਵਾਲੇ ਕਰੀਬ ਤਿੰਨ ਲੱਖ ਕਾਮੇ ਵਾਪਸ ਅਫ਼ਗਾਨਿਸਤਾਨ ਪਰਤ ਚੁੱਕੇ ਹਨ। ਵਤਨ ਵਾਪਸੀ 'ਚ ਉਨ੍ਹਾਂ ਦੀ ਕੋਈ ਮੈਡੀਕਲ ਜਾਂਚ ਨਹੀਂ ਕਰਵਾਈ ਗਈ। ਇਸ ਨਾਲ ਅਫ਼ਗਾਨਿਸਤਾਨ 'ਚ ਹਾਲਾਤ ਖਰਾਬ ਹੋਣ ਦਾ ਖਤਰਾ ਪ੍ਰਗਟਾਇਆ ਗਿਆ ਹੈ। ਦਹਾਕਿਆਂ ਤੋਂ ਜਾਰੀ ਜੰਗ ਕਾਰਨ ਮਾੜੀ ਹਾਲਤ 'ਚ ਪੁੱਜ ਚੁੱਕੀ ਮੁਲਕ ਦੀ ਸਿਹਤ ਵਿਵਸਥਾ 'ਚ ਸਾਰੇ ਮਰੀਜ਼ਾਂ ਦਾ ਇਲਾਜ ਬਹੁਤ ਮੁਸ਼ਕਲ ਹੈ।