ਮਨੀਲਾ (ਏਐੱਨਆਈ) : ਕੰਗਾਲੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਹੁਣ ਏਸ਼ਿਆਈ ਵਿਕਾਸ ਬੈਂਕ (ਏਡੀਬੀ) ਦਾ ਸਹਾਰਾ ਮਿਲਿਆ ਹੈ। ਏਡੀਬੀ ਨੇ ਪਾਕਿਸਤਾਨ ਨੂੰ ਆਰਥਿਕ ਸੰਕਟ ਵਿਚੋਂ ਨਿਕਲਣ ਲਈ ਇਕ ਅਰਬ ਡਾਲਰ (ਕਰੀਬ 7,100 ਕਰੋੜ ਰੁਪਏ) ਦਾ ਹੰਗਾਮੀ ਕਰਜ਼ਾ ਦੇਣ 'ਤੇ ਸ਼ੁੱਕਰਵਾਰ ਨੂੰ ਆਪਣੀ ਮੋਹਰ ਲਗਾ ਦਿੱਤੀ। ਪਾਕਿਸਤਾਨ ਨੂੰ ਇਸ ਤੋਂ ਪਹਿਲੇ ਚੀਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਆਪਣੇ ਮਿੱਤਰ ਦੇਸ਼ਾਂ ਦੇ ਨਾਲ ਹੀ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਤੋਂ ਵੀ ਕਰਜ਼ਾ ਮਿਲ ਚੁੱਕਾ ਹੈ।

ਏਡੀਬੀ ਅਨੁਸਾਰ ਇਹ ਕਰਜ਼ਾ ਪਾਕਿਸਤਾਨ ਦੀ ਅਰਥ-ਵਿਵਸਥਾ ਨੂੰ ਸਥਿਰ ਕਰਨ ਲਈ ਆਈਐੱਮਐੱਫ ਦੇ ਆਰਥਿਕ ਸੁਧਾਰ ਪ੍ਰੋਗਰਾਮ ਦਾ ਹਿੱਸਾ ਹੈ। ਪਾਕਿਸਤਾਨ ਸਰਕਾਰ ਵੱਲੋਂ ਆਈਐੱਮਐੱਫ ਸਮਰਥਿਤ ਸੁਧਾਰਾਂ ਨੂੰ ਲਾਗੂ ਕੀਤੇ ਜਾਣ ਪਿੱਛੋਂ ਕਰਜ਼ਾ ਮਨਜ਼ੂਰ ਕੀਤਾ ਗਿਆ। ਪਾਕਿਸਤਾਨ ਕਮਜ਼ੋਰ ਵਿਕਾਸ ਦਰ ਨਾਲ ਹੀ ਭੁਗਤਾਨ ਵਿਚ ਭਾਰੀ ਅੰਤਰ ਅਤੇ ਨਿਮਨ ਵਿਦੇਸ਼ੀ ਮੁਦਰਾ ਭੰਡਾਰ ਕਾਰਨ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਏਡੀਬੀ ਵਿਚ ਮੱਧ ਅਤੇ ਪੱਛਮੀ ਏਸ਼ਿਆਈ ਮਾਮਲਿਆਂ ਦੇ ਡਾਇਰੈਕਟਰ ਜਨਰਲ ਵਾਰਨਰ ਲੀਪੇਚ ਨੇ ਕਿਹਾ ਕਿ ਇਸ ਧਨ ਰਾਸ਼ੀ ਨਾਲ ਪਾਕਿਸਤਾਨ ਸਰਕਾਰ ਨੂੰ ਪ੍ਰਤੀਕੂਲ ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਨੂੰ ਰੋਕਣ ਲਈ ਜ਼ਰੂਰੀ ਹੰਗਾਮਾ ਪੂੰਜੀ ਇਕੱਤਰ ਕਰਨ ਵਿਚ ਮਦਦ ਮਿਲੇਗੀ।

ਆਈਐੱਮਐੱਫ ਤੋਂ ਮਿਲਿਆ ਛੇ ਅਰਬ ਡਾਲਰ ਕਰਜ਼ਾ

ਪਾਕਿਸਤਾਨ ਨੂੰ ਆਈਐੱਮਐੱਫ ਨੇ ਇਸ ਸਾਲ ਜੁਲਾਈ ਵਿਚ ਛੇ ਅਰਬ ਡਾਲਰ (ਕਰੀਬ 42 ਹਜ਼ਾਰ ਕਰੋੜ ਰੁਪਏ) ਦਾ ਕਰਜ਼ਾ ਮਨਜ਼ੂਰ ਕੀਤਾ ਸੀ। ਇਸ ਦੇ ਇਲਾਵਾ ਪਾਕਿਸਤਾਨ ਨੂੰ ਚੀਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਵੀ ਅਰਬਾਂ ਰੁਪਏ ਦਾ ਆਰਥਿਕ ਪੈਕੇਜ ਮਿਲ ਚੁੱਕਾ ਹੈ।