ਏਜੰਸੀ, ਸਟਾਕਹੋਮ : ਭਾਰਤੀ ਮੂਲ ਦੇ ਅਮਰੀਕੀ ਅਰਥ ਸਾਸ਼ਤਰੀ ਅਭਿਜੀਤ ਵਿਨਾਇਕ ਬੈਨਰਜੀ ਨੇ ਸਟਾਕ ਹੋਮ ਵਿਚ ਪਤਨੀ ਏਸਥਰ ਡੁਫਲੋ ਅਤੇ ਅਮਰੀਕਾ ਦੇ ਮਾਈਕਲ ਕ੍ਰੇਮਰ ਦੇ ਨਾਲ ਸਾਂਝੇ ਰੂਪ ਵਿਚ ਸਾਲ 2019 ਦਾ ਨੋਬਲ ਪੁਰਸਕਾਰ ਹਾਸਲ ਕੀਤਾ। ਇਸ ਦੌਰਾਨ ਅਭਿਜੀਤ ਭਾਰਤੀ ਪਰੰਪਰਾ ਮੁਤਾਬਕ ਕਾਲੇ ਰੰਗ ਦੇ ਬੰਦ ਗਲੇ ਅਤੇ ਚਿੱਟੀ ਧੋਤੀ ਪਹਿਨ ਕੇ ਆਏ ਸਨ। ਉਥੇ ਉਨ੍ਹਾਂ ਦੀ ਪਤਨੀ ਡੁਫਲੋ ਨੇ ਨੀਲੀ ਸਾੜੀ ਪਹਿਨੀ ਹੋਈ ਸੀ। ਇਹ ਪੁਰਸਕਾਰ ਵਿਸ਼ਵ ਪੱਧਰ 'ਤੇ ਗਰੀਬੀ ਹਟਾਉਣ ਲਈ ਕੀਤੇ ਗਏ ਕੰਮਾਂ ਲਈ ਮਿਲਿਆ ਹੈ। ਫਿਲਹਾਲ ਅਭਿਜੀਤ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਡੁਫਲੋ ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਇਕੋਨਾਮਿਕਸ ਵਿਭਾਗ ਵਿਚ ਪ੍ਰੋਫੈਸਰ ਹਨ।


ਤਿੰਨੋ ਅਰਥਸਾਸ਼ਤਰੀਆਂ ਨੂੰ ਵਿਸ਼ਵ ਗਰੀਬੀ ਖ਼ਤਮ ਕਰਨ ਦੇ ਪ੍ਰਯੋਗ ਦੇ ਉਨ੍ਹਾਂ ਦੇ ਖੋਜ ਲਈ ਸਨਮਾਨਿਤ ਕੀਤਾ ਗਿਆ ਹੈ। ਅਮਤਰਯ ਸੇਨ ਤੋਂ ਬਾਅਦ ਅਰਥ ਸਾਸ਼ਤਰ ਵਿਚ ਨੋਬਲ ਪੁਰਸਕਾਰ ਜਿੱਤਣ ਵਾਲੇ ਬੈਨਰਜੀ ਦੂਜੇ ਭਾਰਤੀ ਹਨ। ਸੇਨ ਵਾਂਗ ਬੈਨਰਜੀ ਵੀ ਪ੍ਰੈਸੀਡੈਂਸੀ ਕਾਲਜ ਦੇ ਸਾਬਕਾ ਵਿਦਿਆਰਥੀ ਹਨ, ਜੋ ਹੁਣ ਪ੍ਰੈਸੀਡੈਂਸੀ ਯੂਨੀਵਰਸਿਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।


ਬੈਨਰਜੀ ਨੇ 1981 ਵਿਚ ਕੋਲਕਾਤਾ ਯੂਨੀਵਰਸਿਟੀ ਤੋਂ ਬੀਐੱਸਸੀ ਕੀਤੀ ਤੇ 1983 ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਐੱਮਏ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਯੂਨੀਵਰਸਿਟੀ ਤੋਂ 1988 ਵਿਚ ਪੀਐੱਚਡੀ ਕੀਤੀ ਸੀ। ਤਿੰਨੋਂ ਜੇਤੂਆਂ ਨੂੰ ਲਗਪਗ 6.5 ਕਰੋੜ ਰੁਪਏ ਦੀ ਇਨਾਮ ਰਾਸ਼ੀ ਮਿਲੀ ਹੈ, ਜਿਸ ਨੂੰ ਉਹ ਬਰਾਬਰ ਹਿੱਸਿਆਂ ਵਿਚ ਵੰਡ ਲੈਣਗੇ।

ਜ਼ਿਕਰਯੋਗ ਹੈ ਕਿ ਸਵੀਡਨ ਦੇ ਵਿਗਿਆਨਕ ਅਲਫ੍ਰੇਡ ਨੋਬਲ ਦੀ ਯਾਦ ਵਿਚ ਨੋਬਲ ਫਾਉਂਡੇਸ਼ਨ ਵੱਲੋਂ ਹਰ ਸਾਲ ਨੋਬਲ ਪੁਰਸਕਾਰ ਦਿੱਤਾ ਜਾਂਦਾ ਹੈ। ਇਹ ਦੁਨੀਆ ਦਾ ਸਰਵ ਉਚ ਸਨਮਾਨ ਹੈ, ਜਿਸ ਨੂੰ ਸ਼ਾਂਤੀ, ਸਾਹਿਤ, ਰਸਾਇਣ ਵਿਗਿਆਨ, ਭੌÎਤਿਕ, ਮੈਡੀਕਲ ਵਿਗਿਆਨ ਅਤੇ ਅਰਥ ਸਾਸ਼ਤਰ ਦੇ ਖੇਤਰ ਵਿਚ ਦਿੱਤਾ ਜਾਂਦਾ ਹੈ। ਨੋਬਲ ਪੁਰਸਕਾਰ ਜੇਤੂਆਂ ਦੇ ਨਾਵਾਂ ਦਾ ਐਲਾਨ ਹਰ ਸਾਲ ਅਕਤੂਬਰ ਵਿਚ ਕੀਤਾ ਜਾਂਦਾ ਹੈ ਅਤੇ ਸਾਰੇ ਜੇਤੂਆਂ ਨੂੰ ਸਵੀਡਨ ਦੇ ਸਟਾਕਹੋਮ ਵਿਚ ਕਰਵਾਏ ਜਾਂਦੇ ਸਮਾਗਮ ਵਿਚ 10 ਦਸੰਬਰ ਨੂੰ ਇਹ ਸਰਵ ਉਚ ਪੁਰਸਕਾਰ ਦਿੱਤਾ ਜਾਂਦਾ ਹੈ।

Posted By: Tejinder Thind