ਏਪੀ, ਤਾਇਪੇ : ਦੱਖਣੀ ਤਾਇਵਾਨ ’ਚ 13 ਮੰਜ਼ਿਲਾ ਇਕ ਇਮਾਰਤ ’ਚ ਅੱਗ ਲੱਗਣ ਦੀ ਘਟਨਾ ’ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੱਧ ਕੇ 46 ਹੋ ਗਈ ਹੈ। ਲਗਪਗ 51 ਲੋਕ ਇਸ ਅੱਗ ’ਚ ਝੁਲਸ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਕਾਓਸ਼ੁੰਗ ਸ਼ਹਿਰ ਦੇ ਫਾਇਰ ਬਿ੍ਰਗੇਡ ਦੇ ਅਧਿਕਾਰੀਆਂ ਨੇ ਇਕ ਬਿਆਨ ’ਚ ਦੱਸਿਆ ਕਿ ਅੱਗ ਤੜਕੇ ਕਰੀਬ 3 ਵਜੇ ਲੱਗੀ ਸੀ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸਨੇ ਕਾਫੀ ਖੇਤਰ ਨੂੰ ਆਪਣੀ ਗਿ੍ਰਫ਼ਤ ’ਚ ਲੈ ਲਿਆ। ਉਥੇ ਹੀ ਅੱਗ ਅਜਿਹੇ ਸਮੇਂ ਲੱਗੀ ਕਿ ਲੋਕਾਂ ਨੂੰ ਸੋਚਣ-ਸਮਝਣ ਦਾ ਮੌਕਾ ਹੀ ਨਹੀਂ ਮਿਲਿਆ। ਫਾਇਰ ਬਿ੍ਰਗੇਡ ਕਰਮਚਾਰੀ ਤਲਾਸ਼ ਤੇ ਬਚਾਅ ਮੁਹਿੰਮ ’ਚ ਜੁਟੇ ਹਨ। ਹੇਠਲੀ ਮੰਜ਼ਿਲ ਦੀ ਅੱਗ ਬੁਝਾ ਦਿੱਤੀ ਗਈ ਹੈ।

ਇਹ ਅੱਗ ਕਿਵੇਂ ਲੱਗੀ, ਇਸਦਾ ਹਾਲੇ ਕੁਝ ਪਤਾ ਨਹੀਂ ਚੱਲ ਸਕਿਆ। ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੜਕੇ ਲਗਪਗ ਤਿੰਨ ਵਜੇ ਇਕ ਧਮਾਕੇ ਦੀ ਆਵਾਜ਼ ਸੁਣੀ ਸੀ। ਇਸਤੋਂ ਬਾਅਦ ਅੱਗ ਦੀਆਂ ਲਪਟਾਂ ਦਿਖਾਈ ਦੇਣ ਲੱਗੀਆਂ। ਸਥਾਨਕ ਪ੍ਰਸ਼ਾਸਨ ਦੇ ਅਧਿਕਾਰਿਤ ਬਿਆਨ ਅਨੁਸਾਰ, ਇਮਾਰਤ 40 ਸਾਲ ਪੁਰਾਣੀ ਹੈ, ਜਿਸਦੀਆਂ ਹੇਠਲੀਆਂ ਮੰਜ਼ਿਲਾਂ ’ਤੇ ਦੁਕਾਨਾਂ ਅਤੇ ਉਪਰ ਅਪਾਰਟਮੈਂਟ ਹਨ।

Posted By: Ramanjit Kaur