ਜਕਾਰਤਾ (ਏਪੀ) : ਚੀਨ ਨਾਲ ਉਸ ਦੇ ਲਗਪਗ ਹਰ ਗੁਆਂਢੀ ਦਾ ਵਿਵਾਦ ਜਾਰੀ ਹੈ। ਹੁਣ ਇੰਡੋਨੇਸ਼ੀਆ ਨੇ ਦੋਸ਼ ਲਾਇਆ ਹੈ ਕਿ ਚੀਨ ਕੋਸਟ ਗਾਰਡ ਦੇ ਜਹਾਜ਼ ਉਸ ਦੇ ਸਮੁੰਦਰੀ ਇਲਾਕੇ 'ਚ ਆ ਗਏ। ਇੰਡੋਨੇਸ਼ੀਆ ਦਾ ਦਾਅਵਾ ਹੈ ਕਿ ਜਿਸ ਜਗ੍ਹਾ ਕੋਸਟ ਗਾਰਡ ਦਾ ਜਹਾਜ਼ ਆਇਆ, ਉਹ ਇਲਾਕਾ ਉਸ ਦਾ ਹੈ। ਇਹ ਸਥਾਨ ਚੀਨ ਦੇ ਵਿਵਾਦਤ ਦੱਖਣੀ ਚੀਨ ਸਾਗਰ ਦੇ ਦੂਰ-ਦੁਰਾਡੇ ਦੱਖਣੀ ਹਿੱਸੇ ਦੇ ਨਜ਼ਦੀਕ ਹੈ।

ਇੰਡੋਨੇਸ਼ੀਆ ਸਮੁੰਦਰੀ ਸੁਰੱਖਿਆ ਏਜੰਸੀ (ਮੈਰਿਟਝਾਮ ਸਕਿਊਰਿਟੀ ਏਜੰਸੀ) ਦੇ ਪ੍ਰਮੁੱਖ ਅਨਾ ਕੁਰਨੀਆ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਚੀਨੀ ਜਹਾਜ਼ 5204 ਇੰਡੋਨੇਸ਼ੀਆ ਦੇ ਐਕਸਲੂਸਿਵ ਆਰਥਿਕ ਖੇਤਰ (ਈਈਜ਼ੈੱਡ) 'ਚ ਆ ਵੜਿਆ ਸੀ। ਜਿਥੇ ਇਹ ਜਹਾਜ਼ ਮੌਜੂਦ ਸੀ, ਉਸ ਇਲਾਕੇ ਨੂੰ ਇੰਡੋਨੇਸ਼ੀਆ ਦੇ ਨਾਰਥ ਨਾਤੁਆਨਾ ਆਇਲੈਂਡ ਵਜੋਂ ਜਾਣਾ ਜਾਂਦਾ ਹੈ। ਚੀਨੀ ਜਹਾਜ਼ ਨੂੰ ਦੇਖ ਕੇ ਨੇੜੇ ਹੀ ਮੌਜੂਦ ਇਕ ਗਸ਼ਤੀ ਜਹਾਜ਼ ਨੂੰ ਉਨ੍ਹਾਂ ਕੋਲ ਭੇਜਿਆ ਗਿਆ ਤੇ ਪਾਣੀ ਦੇ ਅਧਿਕਾਰ ਦੇ ਦਾਅਵਿਆਂ ਬਾਰੇ ਦੱਸਿਆ। ਇੰਡੋਨੇਸ਼ੀਆ ਨੇ ਈਈਜ਼ੈੱਡ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਪਰਤਣ ਲਈ ਕਿਹਾ ਗਿਆ। ਹਾਲਾਂਕਿ ਉਨ੍ਹਾਂ ਨੇ ਇਹ ਕਹਿੰਦਿਆਂ ਪਰਤਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਇਲਾਕਾ ਚੀਨ ਦੇ ਨਾਈਨ-ਡੈਸ਼ ਲਾਈਨ ਦਾ ਹਿੱਸਾ ਹੈ। ਗਸ਼ਤੀ ਜਹਾਜ਼ 'ਤੇ ਮੌਜੂਦ ਅਧਿਕਾਰੀਆਂ ਨੇ ਉਨ੍ਹਾਂ ਦੇ ਸਾਰੇ ਦਾਅਵਿਆਂ ਨੂੰ ਨਕਾਰਦਿਆਂ ਉਨ੍ਹਾਂ ਨੂੰ ਪਰਤਣ ਦੀ ਚਿਤਾਵਨੀ ਦਿੱਤੀ। ਲਗਪਗ ਤਿੰਨ ਦਿਨ ਬਾਅਦ ਸੋਮਵਾਰ ਰਾਤ 11.20 ਵਜੇ ਚੀਨੀ ਕੋਸਟ ਗਾਰਡ ਦਾ ਜਹਾਜ਼ ਉਥੋਂ ਪਰਤ ਗਿਆ। ਚੀਨੀ ਕੋਸਟ ਗਾਰਡ ਦੇ ਜਹਾਜ਼ ਦੀ ਇੰਡੋਨੇਸ਼ੀਆ ਜਲ ਖੇਤਰ 'ਚ ਵੜਨ ਦੀ ਕੋਸ਼ਿਸ਼ ਦੀ ਸ਼ਿਕਾਇਤ ਇੰਡੋਨੇਸ਼ੀਆ ਸਰਕਾਰ ਨੂੰ ਵੀ ਕੀਤੀ ਗਈ ਹੈ। ਚੀਨ ਨਾਈਨ-ਡੈਸ਼ ਲਾਈਨ ਦੇ ਮਾਧਿਅਮ ਨਾਲ ਸੰਪੂਰਨ ਦੱਖਣੀ ਚੀਨ ਸਾਗਰ 'ਤੇ ਕੋਈ ਖੇਤਰੀ ਦਾਅਵਾ ਨਹੀਂ ਹੈ ਪਰ ਇੰਡੋਨੇਸ਼ੀਆ ਦੇ ਵਿਸ਼ੇਸ਼ ਆਰਥਿਕ ਖੇਤਰ ਦਾ ਇਕ ਹਿੱਸਾ ਚੀਨ ਦੀ ਨਾਈਨ-ਡੈਸ਼ ਲਾਈਨ ਦੇ ਅੰਦਰ ਪੈਂਦਾ ਹੈ। ਖਾਸ ਗੱਲ ਇਹ ਹੈ ਕਿ ਇਸ ਖੇਤਰ 'ਚ ਕੁਦਰਤੀ ਗੈਸ ਦੇ ਭੰਡਾਰ ਮੌਜੂਦ ਹਨ। ਚੀਨੀ ਜਹਾਜ਼ ਨਿਯਮਿਤ ਤੌਰ 'ਤੇ ਇਸ ਇਲਾਕੇ 'ਚ ਆਉਂਦੇ ਰਹਿੰਦੇ ਹਨ, ਜਿਨ੍ਹਾਂ ਨੂੰ ਇੰਡੋਨੇਸ਼ੀਆ ਨਾਰਥ ਨਾਤੁਆਨਾ ਆਈਲੈਂਡ ਕਹਿੰਦਾ ਹੈ। ਇਸ ਨਾਲ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਵੱਧਦਾ ਹੈ।