ਗਿਲਗਿਤ ਬਾਲਤਿਸਤਾਨ (ਏਐੱਨਆਈ) : ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਗਿਲਗਿਤ-ਬਾਲਤਿਸਤਾਨ ਖੇਤਰ ਵਿਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੇ ਮੰਤਰੀ ਅਸ਼ਾਂਤੀ ਫੈਲਾ ਰਹੇ ਹਨ ਤੇ ਇੱਥੇ ਹੋਣ ਜਾ ਰਹੀ ਚੋਣ ਵਿਚ ਗੜਬੜੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਦੋਸ਼ ਮੁੱਖ ਮੰਤਰੀ ਹਾਫਿਜ਼ ਹਫੀਜੁਰ ਰਹਿਮਾਨ ਨੇ ਲਗਾਏ ਹਨ। ਇਨ੍ਹਾਂ ਦੋਸ਼ਾਂ 'ਤੇ ਮੁੱਖ ਅਦਾਲਤ ਨੇ ਵੀ ਆਪਣੀ ਮੋਹਰ ਲਗਾਉਂਦੇ ਹੋਏ ਪਾਕਿਸਤਾਨ ਸਰਕਾਰ ਦੇ ਮੰਤਰੀ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਤਿੰਨ ਦਿਨਾਂ ਅੰਦਰ ਗਿਲਗਿਤ-ਬਾਲਤਿਸਤਾਨ ਛੱਡਣ ਦਾ ਆਦੇਸ਼ ਦਿੱਤਾ ਹੈ। ਇਨ੍ਹਾਂ 'ਤੇ ਚੋਣ ਜ਼ਾਬਤੇ ਦੇ ਉਲੰਘਣ ਦਾ ਦੋਸ਼ ਹੈ।

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਇੱਥੇ ਇਕ ਰੈਲੀ ਵਿਚ ਗਿਲਗਿਤ-ਬਾਲਤਿਸਤਾਨ ਨੂੰ ਅਸਥਾਈ ਸੂਬੇ ਦਾ ਦਰਜਾ ਦਿੱਤੇ ਜਾਣ ਦੇ ਐਲਾਨ ਪਿੱਛੋਂ ਖ਼ੁਦ ਮੁੱਖ ਮੰਤਰੀ ਨੇ ਦੋਸ਼ ਲਗਾਇਆ ਹੈ। ਇਸ ਖੇਤਰ ਵਿਚ ਵਿਧਾਨਕ ਦਰਜੇ ਨੂੰ ਬਦਲਣ ਦੀ ਪਾਕਿਸਤਾਨ ਸਰਕਾਰ ਦੀ ਇਸ ਕੋਸ਼ਿਸ਼ ਦਾ ਇੱਥੋਂ ਦੇ ਨੇਤਾਵਾਂ ਅਤੇ ਜਨਤਾ ਵੱਲੋਂ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਰਹਿਮਾਨ ਨੇ ਕਿਹਾ ਕਿ ਚੋਣ ਤੋਂ ਪਹਿਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਹੇਰਾਫੇਰੀ ਅਤੇ ਅਸ਼ਾਂਤੀ ਫੈਲਾਉਣ ਲਈ ਆਏ ਹਨ। ਪਾਕਿਸਤਾਨ ਇੱਥੇ ਸੰਯੁਕਤ ਰਾਸ਼ਟਰ ਦੇ ਵਿਚੋਲਗੀ ਵਾਲੇ ਸਮਝੌਤੇ ਦਾ ਉਲੰਘਣ ਕਰ ਕੇ ਚੋਣ ਕਰਵਾ ਰਿਹਾ ਹੈ।

ਇਧਰ ਗਿਲਗਿਤ-ਬਾਲਤਿਸਤਾਨ ਦੀ ਮੁੱਖ ਅਦਾਲਤ ਦੀ ਦੋ ਮੈਂਬਰੀ ਬੈਂਚ ਨੇ ਪਾਕਿਸਤਾਨ ਦੀ ਸੰਘੀ ਸਰਕਾਰ ਦੇ ਮੰਤਰੀ ਅਲੀ ਅਮੀਨ ਨੂੰ ਆਪਣੇ ਅਧਿਕਾਰੀਆਂ ਸਮੇਤ ਤਿੰਨ ਦਿਨ ਵਿਚ ਇਸ ਇਲਾਕੇ ਨੂੰ ਛੱਡਣ ਦੇ ਆਦੇਸ਼ ਦਿੱਤੇ ਹਨ। ਇਸ ਦਾ ਪਾਲਣ ਕਰਾਉਣ ਦੀ ਜ਼ਿੰਮੇਵਾਰੀ ਚੋਣ ਕਮਿਸ਼ਨ, ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਸੌਂਪੀ ਹੈ। ਚੋਣ ਤੋਂ ਪਹਿਲੇ ਗੜਬੜੀ ਫੈਲਾਉਣ ਦੇ ਸਬੰਧ ਵਿਚ ਪਾਕਿਸਤਾਨ ਪੀਪਲਜ਼ ਪਾਰਟੀ ਨੇ ਇਮਰਾਨ ਖ਼ਾਨ ਅਤੇ ਉਨ੍ਹਾਂ ਦੇ ਕੇਂਦਰੀ ਮੰਤਰੀ ਦੇ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ, ਕਮਿਸ਼ਨ ਨੇ ਉਸ 'ਤੇ ਕੋਈ ਨੋਟਿਸ ਨਹੀਂ ਲਿਆ ਸੀ। ਅਦਾਲਤ ਦਾ ਦਰਵਾਜ਼ਾ ਖੜਕਾਉਣ ਪਿੱਛੋਂ ਹੁਣ ਉਨ੍ਹਾਂ ਨੂੰ ਰਾਹਤ ਮਿਲੀ ਹੈ। ਰਣਨੀਤਕ ਤੌਰ 'ਤੇ ਮਹੱਤਵਪੂਰਣ ਗਿਲਗਿਤ-ਬਾਲਤਿਸਤਾਨ ਖੇਤਰ ਦੀਆਂ ਸਰਹੱਦਾਂ ਚੀਨ ਅਤੇ ਅਫ਼ਗਾਨਿਸਤਾਨ ਨਾਲ ਮਿਲਦੀਆਂ ਹਨ। ਇਹ ਖੇਤਰ ਜੰਮੂ-ਕਸ਼ਮੀਰ ਦਾ ਹੈ ਅਤੇ ਪਾਕਿਸਤਾਨ ਨੇ ਇਸ 'ਤੇ ਨਾਜਾਇਜ਼ ਤੌਰ 'ਤੇ ਕਬਜ਼ਾ ਕੀਤਾ ਹੋਇਆ ਹੈ।