ਯੰਗੂਨ (ਏਜੰਸੀਆਂ) : ਮਿਆਂਮਾਰ 'ਚ ਵੀਰਵਾਰ ਨੂੰ ਜ਼ਮੀਨ ਖਿਸਕਣ ਕਾਰਨ ਇਕ ਖਾਣ ਧੱਸਣ ਕਾਰਨ ਘੱਟੋ-ਘੱਟ 126 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਮਲਬੇ ਵਿਚ ਕਰੀਬ ਦੋ ਸੌ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਹਾਦਸੇ ਦੇ ਸਮੇਂ ਜ਼ੈੱਡ ਸਟੋਨ ਦੀ ਇਸ ਖਾਨ ਵਿਚ ਵੱਡੀ ਗਿਣਤੀ ਵਿਚ ਮਜ਼ਦੂਰ ਕੰਮ ਕਰ ਰਹੇ ਸਨ।

ਇਹ ਹਾਦਸਾ ਕਾਚਿਨ ਸੂਬੇ ਦੇ ਹਪਾਕਾਂਤ ਇਲਾਕੇ ਵਿਚ ਸਾਤੇ ਮੂ ਪਿੰਡ ਵਿਚ ਹੋਇਆ। ਮਿਆਂਮਾਰ ਦੇ ਸੂਚਨਾ ਮੰਤਰਾਲੇ ਅਤੇ ਫਾਇਰ ਬਿ੍ਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਵਿਚ ਦੱਬੇ ਲੋਕਾਂ ਨੂੰ ਕੱਢਣ ਲਈ ਰਾਹਤ ਤੇ ਬਚਾਅ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ, ਖਾਣ ਵਿਚ ਫਸੇ ਕੁਝ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਖੇਤਰੀ ਸੰਸਦ ਮੈਂਬਰ ਖਿਨ ਮੌਂਗ ਮਿੰਤ ਨੇ ਦੱਸਿਆ ਕਿ ਹੁਣ ਤਕ ਸੌ ਤੋਂ ਜ਼ਿਆਦਾ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਬਾਰਿਸ਼ ਦੇ ਦਿਨਾਂ ਵਿਚ ਇਸ ਇਲਾਕੇ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਮਿਆਂਮਾਰ ਵਿਚ ਜ਼ੈੱਡ ਸਟੋਨ ਦੇ ਕਾਰੋਬਾਰ ਨਾਲ ਵੱਡੀ ਗਿਣਤੀ ਵਿਚ ਲੋਕ ਜੁੜੇ ਹੋਏ ਹਨ। ਜ਼ੈੱਡ ਸਟੋਨ ਹਰੇ ਰੰਗ ਦਾ ਇਕ ਕੀਮਤੀ ਰਤਨ ਹੁੰਦਾ ਹੈ।