ਨਿਆਮੀ (ਏਪੀ) : ਨਾਈਜਰ ਦੀ ਫ਼ੌਜ 'ਤੇ ਇਸਲਾਮਿਕ ਅੱਤਵਾਦੀਆਂ ਦੇ ਹਮਲੇ ਵਿਚ ਮੌਤਾਂ ਦੀ ਗਿਣਤੀ 89 ਤਕ ਜਾ ਪੁੱਜੀ ਹੈ। ਪੱਛਮੀ ਅਫਰੀਕੀ ਦੇਸ਼ 'ਚ ਇਹ ਹਮਲਾ ਪਿਛਲੇ ਵੀਰਵਾਰ ਨੂੰ ਕੀਤਾ ਗਿਆ ਸੀ। ਹਮਲੇ ਸਮੇਂ 25 ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।

ਨਾਈਜਰ ਦੀ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਇਸ ਹਮਲੇ ਵਿਚ 77 ਅੱਤਵਾਦੀ ਵੀ ਮਾਰੇ ਗਏ ਸਨ। ਸਰਕਾਰ ਨੇ ਮਾਰੇ ਗਏ ਫ਼ੌਜੀ ਜਵਾਨਾਂ ਨੂੰ ਸ਼ਰਧਾਂਜਲੀ ਵਜੋਂ ਸੋਮਵਾਰ ਤੋਂ ਤਿੰਨ ਦਿਨਾਂ ਦੇ ਕੌਮੀ ਸੋਗ ਦਾ ਐਲਾਨ ਕੀਤਾ ਹੈ। ਅੱਤਵਾਦੀਆਂ ਨੇ ਮਾਲੀ ਨਾਲ ਲੱਗਦੇ ਚਿਨਾਗ੍ਰੋਦਰਾਰ ਇਲਾਕੇ ਵਿਚ ਇਕ ਫ਼ੌਜੀ ਪੋਸਟ 'ਤੇ ਹਮਲਾ ਕੀਤਾ ਸੀ। ਕਿਸੇ ਵੀ ਅੱਤਵਾਦੀ ਜਮਾਤ ਨੇ ਅਜੇ ਤਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪ੍ਰੰਤੂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਇਸਲਾਮਿਕ ਅੱਤਵਾਦੀਆਂ ਦੀ ਕਾਰਵਾਈ ਸੀ।