ਮੈਡਰਿਡ (ਪੀਟੀਆਈ) : ਸਿਰਫ਼ ਅੱਠ ਸਾਲ ਦੀ ਉਮਰ ਵਿਚ ਜਲਵਾਯੂ ਪਰਿਵਰਤਨ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਭਾਰਤੀ ਕੁੜੀ ਲਿਸੀਪ੍ਰਿਆ ਕੰਗੁਜਮ ਨੇ ਆਪਣੀਆਂ ਚਿੰਤਾਵਾਂ ਨਾਲ ਦੁਨੀਆ ਨੂੰ ਝੰਜੋੜਿਆ ਹੈ। ਮਨੀਪੁਰ ਦੀ ਇਸ ਨੰਨ੍ਹੀ ਵਾਤਾਵਰਨ ਕਾਰਕੁੰਨ ਨੇ ਸਪੇਨ ਦੀ ਰਾਜਧਾਨੀ ਮੈਡਰਿਡ ਵਿਚ ਸੀਓਪੀ25 ਜਲਵਾਯੂ ਸਿਖਰ ਸੰਮੇਲਨ ਵਿਚ ਵਿਸ਼ਵ ਦੇ ਆਗੂਆਂ ਤੋਂ ਆਪਣੀ ਧਰਤੀ ਅਤੇ ਉਨ੍ਹਾਂ ਵਰਗੇ ਮਾਸੂਮਾਂ ਦੇ ਭਵਿੱਖ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ।

ਲਿਸੀਪ੍ਰਿਆ ਨੇ ਮੰਗਲਵਾਰ ਨੂੰ ਆਪਣੇ ਭਾਸ਼ਣ ਵਿਚ ਕਿਹਾ ਕਿ ਮੈਂ ਇਥੇ ਵਿਸ਼ਵ ਦੇ ਆਗੂਆਂ ਨੂੰ ਕਹਿਣ ਆਈ ਹਾਂ ਕਿ ਇਹ ਕਦਮ ਚੁੱਕਣ ਦਾ ਸਮਾਂ ਹੈ ਕਿਉਂਕਿ ਇਹ ਵਾਸਤਵਿਕ ਕਲਾਈਮੇਟ ਐਮਰਜੈਂਸੀ ਹੈ। ਏਨੀ ਛੋਟੀ ਉਮਰ ਵਿਚ ਏਨੇ ਅਹਿਮ ਮਸਲੇ 'ਤੇ ਗੱਲ ਰੱਖਣ ਕਾਰਨ ਲਿਸੀਪ੍ਰਿਆ ਸਪੇਨ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਬਣੀ ਹੈ। ਸਪੇਨਿਸ਼ ਅਖ਼ਬਾਰਾਂ ਨੇ ਉਸ ਨੂੰ ਭਾਰਤੀ 'ਗ੍ਰੇਟਾ' ਦੱਸਦੇ ਹੋਏ ਉਸ ਦੀ ਜੰਮ ਕੇ ਤਾਰੀਫ਼ ਕੀਤੀ ਹੈ। ਸਵੀਡਨ ਦੀ 16 ਸਾਲ ਦੀ ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਨੇ ਇਸ ਸਾਲ ਸਤੰਬਰ ਮਹੀਨੇ ਵਿਚ ਜਲਵਾਯੂ ਪਰਿਵਰਤਨ 'ਤੇ ਸੰਯੁਕਤ ਰਾਸ਼ਟਰ ਵਿਚ ਵਿਸ਼ਵ ਦੇ ਆਗੂਆਂ ਨੂੰ ਝੰਜੋੜਿਆ ਸੀ। ਲਿਸੀਪ੍ਰਿਆ ਦੇ ਪਿਤਾ ਕੇ. ਕੇ. ਸਿੰਘ ਨੇ ਕਿਹਾ ਕਿ ਮੇਰੀ ਧੀ ਦੀਆਂ ਗੱਲਾਂ ਨੂੰ ਸੁਣ ਕੇ ਕੋਈ ਇਹ ਅਨੁਮਾਨ ਨਹੀਂ ਲਗਾ ਸਕਿਆ ਕਿ ਉਹ ਸਿਰਫ਼ ਅੱਠ ਸਾਲਾਂ ਦੀ ਹੈ।

21 ਦੇਸ਼ਾਂ ਦਾ ਕਰ ਚੁੱਕੀ ਹੈ ਦੌਰਾ

ਲਿਸੀਪ੍ਰਿਆ ਹੁਣ ਤਕ 21 ਦੇਸ਼ਾਂ ਦਾ ਦੌਰਾ ਕਰ ਚੁੱਕੀ ਹੈ ਅਤੇ ਜਲਵਾਯੂ ਪਰਿਵਰਤਨ ਮਸਲੇ 'ਤੇ ਵੱਖ-ਵੱਖ ਸੰਮੇਲਨਾਂ ਵਿਚ ਆਪਣੀ ਗੱਲ ਰੱਖ ਚੁੱਕੀ ਹੈ। ਉਹ ਦੁਨੀਆ ਵਿਚ ਸਭ ਤੋਂ ਘੱਟ ਉਮਰ ਦੀ ਵਾਤਾਵਰਨ ਕਾਰਕੁੰਨ ਦੱਸੀ ਜਾ ਰਹੀ ਹੈ।

ਇਸ ਸੰਮੇਲਨ ਤੋਂ ਬਦਲੀ ਜ਼ਿੰਦਗੀ

ਸਿਰਫ਼ ਛੇ ਸਾਲ ਦੀ ਉਮਰ ਵਿਚ ਲਿਸੀਪ੍ਰਿਆ ਨੂੰ 2018 ਵਿਚ ਮੰਗੋਲੀਆ ਵਿਚ ਆਫ਼ਤ ਮਸਲੇ 'ਤੇ ਹੋਏ ਮੰਤਰੀ ਪੱਧਰ ਦੇ ਸਿਖਰ ਸੰਮੇਲਨ ਵਿਚ ਬੋਲਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਤੋਂ ਮੇਰੀ ਜ਼ਿੰਦਗੀ ਬਦਲ ਗਈ। ਮੈਂ ਆਫ਼ਤਾਂ ਕਾਰਨ ਜਦੋਂ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਤੋਂ ਵਿਛੜਦੇ ਦੇਖਦੀ ਹਾਂ ਤਾਂ ਰੋ ਪੈਂਦੀ ਹਾਂ।

ਪਿਤਾ ਦੀ ਮਦਦ ਨਾਲ ਬਣਾਈ ਜਥੇਬੰਦੀ

ਮੰਗੋਲੀਆ ਤੋਂ ਪਰਤਣ ਪਿੱਛੋਂ ਲਿਸੀਪਿ੍ਰਆ ਨੇ ਪਿਤਾ ਦੀ ਮਦਦ ਨਾਲ 'ਦ ਚਾਈਲਡ ਮੂੁਵਮੈਂਟ' ਨਾਮਕ ਜਥੇਬੰਦੀ ਬਣਾਈ। ਉਹ ਇਸ ਜਥੇਬੰਦੀ ਰਾਹੀਂ ਵਿਸ਼ਵ ਦੇ ਆਗੂਆਂ ਤੋਂ ਜਲਵਾਯੂ ਪਰਿਵਰਤਨ ਖ਼ਿਲਾਫ਼ ਕਦਮ ਚੁੱਕਣ ਦੀ ਅਪੀਲ ਕਰਦੀ ਹੈ।

ਪੀਐੱਮ ਮੋਦੀ ਨੂੰ ਵੀ ਕੀਤੀ ਸੀ ਅਪੀਲ

ਲਿਸੀਪ੍ਰਿਆ ਜੂਨ ਮਹੀਨੇ ਸੰਸਦ ਭਵਨ ਕੋਲ ਤਖਤੀ ਲੈ ਕੇ ਪੁੱਜੀ ਸੀ। ਇਸ ਰਾਹੀਂ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਸੀ ਕਿ ਜਲਵਾਯੂ ਪਰਿਵਰਤਨ ਨਾਲ ਨਿਪਟਣ ਲਈ ਕਾਨੂੰਨ ਬਣਾਉਣ।

ਛੱਡਣਾ ਪਿਆ ਸਕੂਲ

ਲਿਸੀਪ੍ਰਿਆ ਦਾ ਜਨਮ ਇੰਫਾਲ ਵਿਚ ਹੋਇਆ ਪ੍ਰੰਤੂ ਉਹ ਆਮ ਤੌਰ 'ਤੇ ਪੂਰਾ ਸਮਾਂ ਸ਼ਹਿਰ ਤੋਂ ਬਾਹਰ ਰਹਿੰਦੀ ਹੈ। ਉਹ ਜ਼ਿਆਦਾਤਰ ਦਿੱਲੀ ਅਤੇ ਭੁਬਨੇਸ਼ਵਰ ਵਿਚ ਰਹਿੰਦੀ ਹੈ। ਜਲਵਾਯੂ ਪਰਿਵਰਤਨ ਮਸਲੇ 'ਤੇ ਆਪਣੇ ਜਨੂੰਨ ਕਾਰਨ ਉਹ ਸਕੂਲ ਨਹੀਂ ਜਾ ਸਕਦੀ ਸੀ। ਇਸ ਕਾਰਨ ਉਸ ਨੇ ਇਸ ਸਾਲ ਫਰਵਰੀ ਮਹੀਨੇ ਵਿਚ ਸਕੂਲ ਛੱਡ ਦਿੱਤਾ।

ਸਪੇਨ ਦੀ ਸਰਕਾਰ ਨੇ ਚੁੱਕਿਆ ਖ਼ਰਚ

ਲਿਸੀਪ੍ਰਿਆ ਦੇ ਪਿਤਾ ਅਨੁਸਾਰ ਸੰਯੁਕਤ ਰਾਸ਼ਟਰ ਨੇ ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਦੀ ਧੀ ਨੂੰ ਸੱਦਾ ਦਿੱਤਾ ਸੀ ਪ੍ਰੰਤੂ ਤਦ ਸਾਨੂੰ ਲੱਗਾ ਸੀ ਕਿ ਸਪੇਨ ਜਾਣ ਦੇ ਖ਼ਰਚ ਦਾ ਕਿਵੇਂ ਪ੍ਰਬੰਧ ਹੋਵੇਗਾ? ਇਸ ਲਈ ਈ-ਮੇਲ ਰਾਹੀਂ ਕਈ ਮੰਤਰੀਆਂ ਤੋਂ ਮਦਦ ਦੀ ਅਪੀਲ ਕੀਤੀ ਗਈ ਪ੍ਰੰਤੂ ਕੋਈ ਜਵਾਬ ਨਹੀਂ ਆਇਆ। ਬਾਅਦ ਵਿਚ ਭੁਬਨੇਸ਼ਵਰ ਦੇ ਇਕ ਵਿਅਕਤੀ ਨੇ ਮੈਡਰਿਡ ਲਈ ਟਿਕਟ ਬੁੱਕ ਕਰਵਾ ਦਿੱਤਾ ਪ੍ਰੰਤੂ 30 ਨਵੰਬਰ ਨੂੰ ਮੈਡਰਿਡ ਰਵਾਨਾ ਹੋਣ ਤੋਂ ਇਕ ਦਿਨ ਪਹਿਲੇ ਇਕ ਈ-ਮੇਲ ਮਿਲਿਆ ਜਿਸ ਵਿਚ ਲਿਖਿਆ ਸੀ ਕਿ ਉਨ੍ਹਾਂ ਦੀ 13 ਦਿਨਾਂ ਦੀ ਯਾਤਰਾ ਦਾ ਖ਼ਰਚ ਸਪੇਨ ਸਰਕਾਰ ਚੁੱਕੇਗੀ।