ਕਾਬੁਲ (ਆਈਏਐੱਨਐੱਸ) : ਅਫ਼ਗਾਨਿਸਤਾਨ ਦੇ ਹੇਲਮੰਡ ਸੂਬੇ ਵਿਚ ਸੋਮਵਾਰ ਨੂੰ ਆਤਮਘਾਤੀ ਬੰਬ ਹਮਲੇ ਵਿਚ ਫ਼ੌਜ ਦੇ ਅੱਠ ਜਵਾਨਾਂ ਦੀ ਮੌਤ ਹੋ ਗਈ। ਨਾਡ ਅਲੀ ਜ਼ਿਲ੍ਹੇ ਦੇ ਤੂਰ ਪੁਲ ਇਲਾਕੇ ਵਿਚ ਅੱਤਵਾਦੀਆਂ ਨੇ ਅਸਲੇ ਨਾਲ ਭਰੀ ਕਾਰ ਅਫ਼ਗਾਨ ਨੈਸ਼ਨਲ ਆਰਮੀ ਦੀ ਸੁਰੱਖਿਆ ਚੈੱਕ ਪੋਸਟ ਵਿਚ ਮਾਰ ਦਿੱਤੀ। ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਇਸ ਹਮਲੇ ਵਿਚ ਆਤਮਘਾਤੀ ਬੰਬਾਰ ਤੇ ਫ਼ੌਜ ਦੇ ਅੱਠ ਜਵਾਨਾਂ ਦੀ ਮੌਤ ਹੋ ਗਈ ਜਦਕਿ ਫ਼ੌਜ ਦੇ ਦੋ ਅਧਿਕਾਰੀ ਲਾਪਤਾ ਦੱਸੇ ਜਾ ਰਹੇ ਹਨ। ਫ਼ੌਜ ਨੇ ਇਸ ਹਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਦੂਜੇ ਪਾਸੇ ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।