ਮਾਸਕੋ, ਰਾਇਟਰਜ਼ : ਸੋਮਵਾਰ ਨੂੰ ਇਕ ਅਣਪਛਾਤੇ ਵਿਅਕਤੀ ਨੇ ਇਕ ਰੂਸੀ ਯੂਨੀਵਰਸਿਟੀ 'ਚ ਗੋਲ਼ੀਬਾਰੀ ਕਰ ਦਿੱਤੀ। ਅਚਾਨਕ ਹੋਈ ਇਸ ਗੋਲ਼ੀਬਾਰੀ 'ਚ ਪੰਜ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਬੰਦੂਕਧਾਰੀ ਵਿਦਿਆਰਥੀ ਨੇ ਸੋਮਵਾਰ ਨੂੰ ਰੂਸ ਦੇ ਸ਼ਹਿਰ ਪਰਮ ਦੀ ਇਕ ਯੂਨੀਵਰਸਿਟੀ 'ਚ ਗੋਲ਼ੀਬਾਰੀ ਕੀਤੀ ਜਿਸ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਛੇ ਹੋਰ ਜ਼ਖ਼ਮੀ ਹੋ ਗਏ।

ਯੂਨੀਵਰਸਿਟੀ ਦੇ ਬੁਲਾਰੇ ਤੇ ਪੁਲਿਸ ਨੇ ਦੱਸਿਆ ਕਿ ਮਾਸਕੋ ਤੋਂ ਲਗਪਗ 1,300 ਕਿਲੋਮੀਟਰ (800 ਮੀਲ) ਪੂਰਬ ਵਿਚ ਪਰਮ ਸਟੇਟ ਯੂਨੀਵਰਸਿਟੀ ਵਿਚ ਘਟਨਾ ਤੋਂ ਤੁਰੰਤ ਬਾਅਦ ਬੰਦੂਕਧਾਰੀ ਨੂੰ ਹਿਰਾਸਤ 'ਚ ਲੈ ਲਿਆ ਗਿਆ। ਸਥਾਨਕ ਮੀਡੀਆ ਦੁਆਰਾ ਚਲਾਈ ਗਈ ਵੀਡੀਓ ਫੁਟੇਜ 'ਚ ਵਿਦਿਆਰਥੀ ਬਚਣ ਲਈ ਇਮਾਰਤ ਦੀ ਪਹਿਲੀ ਮੰਜ਼ਲ ਦੀਆਂ ਖਿੜਕੀਆਂ ਤੋਂ ਛਾਲ ਮਾਰਦੇ ਦਿਖਾਈ ਦਿੱਤੇ।

ਰੂਸ 'ਚ ਵੱਡੇ ਅਪਰਾਧਾਂ ਦੀ ਜਾਂਚ ਕਰ ਰਹੀ ਏਜੰਸੀ ਨੇ ਕਿਹਾ ਕਿ ਬੰਦੂਕਧਾਰੀ ਦੀ ਪਛਾਣ ਯੂਨੀਵਰਸਿਟੀ ਦੇ ਵਿਦਿਆਰਥੀ ਵਜੋਂ ਹੋਈ ਹੈ। ਰੂਸ ਵਿਚ ਹਥਿਆਰ ਰੱਖਣ ਵਾਲੇ ਨਾਗਰਿਕਾਂ 'ਤੇ ਸਖਤ ਪਾਬੰਦੀਆਂ ਹਨ ਪਰ ਇਸ ਨੂੰ ਸ਼ਿਕਾਰ, ਸਵੈ-ਰੱਖਿਆ ਜਾਂ ਖੇਡ ਲਈ ਖਰੀਦਿਆ ਜਾ ਸਕਦਾ ਹੈ।

Posted By: Ravneet Kaur