ਬੀਜਿੰਗ (ਰਾਇਟਰ) : ਚੀਨ ਵਿਚ ਸੋਨੇ ਦੀ ਖਾਣ ਵਿਚ ਧਮਾਕੇ ਪਿੱਛੋਂ ਉਸ ਵਿਚ ਫਸੇ 22 ਮਜ਼ਦੂਰਾਂ ਵਿੱਚੋਂ 11 ਮਜ਼ਦੂਰਾਂ ਨੂੰ 14 ਦਿਨਾਂ ਦੇ ਰਾਹਤ ਕੰਮਾਂ ਪਿੱਛੋਂ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ। ਕੱਢੇ ਗਏ ਮਜ਼ਦੂਰ ਬਹੁਤ ਕਮਜ਼ੋਰ ਹੋ ਗਏ ਸਨ। ਉਨ੍ਹਾਂ ਨੂੰ ਕੰਬਲਾਂ ਵਿਚ ਲਪੇਟ ਕੇ ਤੁਰੰਤ ਹੀ ਹਸਪਤਾਲ ਭੇਜਿਆ ਗਿਆ। ਇਸ ਤੋਂ ਪਹਿਲੇ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਿਢਆ ਗਿਆ ਸੀ। ਇਕ ਮਜ਼ਦੂਰ ਗੰਭੀਰ ਰੂਪ 'ਚ ਜ਼ਖ਼ਮੀ ਸੀ। ਹੋਰ ਮਜ਼ਦੂਰਾਂ ਦੇ ਮਰਨ ਦਾ ਖ਼ਦਸ਼ਾ ਪ੍ਰਗਟ ਕੀਤਾ ਗਿਆ ਹੈ।

10 ਜਨਵਰੀ ਨੂੰ ਹੋਏ ਹਾਦਸੇ ਵਿਚ ਜ਼ਮੀਨ ਦੇ 600 ਮੀਟਰ ਹੇਠਾਂ ਧਮਾਕੇ ਪਿੱਛੋਂ 22 ਮਜ਼ਦੂਰ ਉੱਥੇ ਫੱਸ ਗਏ ਸਨ। ਅਧਿਕਾਰੀਆਂ ਅਨੁਸਾਰ ਖਾਣ ਵਿਚ ਰਾਹਤ ਕਾਰਜ ਅਤੇ ਬੰਦ ਹੋਏ ਹਿੱਸਿਆਂ ਨੂੰ ਖੋਲ੍ਹਣ ਵਿਚ ਦੋ ਹਫ਼ਤੇ ਦਾ ਸਮਾਂ ਹੋਰ ਲੱਗ ਸਕਦਾ ਹੈ। ਇਸ ਤੋਂ ਪਹਿਲੇ ਰਾਹਤ ਟੀਮ ਨੇ ਸੋਨੇ ਦੀ ਖਾਣ ਵਿਚ ਡਿ੍ਲ ਕਰਦੇ ਹੋਏ ਉਸ ਵਿਚ ਫਸੇ ਮਜ਼ਦੂਰਾਂ ਲਈ ਖਾਣਾ ਪਹੁੰਚਾਇਆ ਸੀ ਤਾਂਕਿ ਰਾਹਤ ਪੁੱਜਣ ਤਕ ਉਹ ਜ਼ਿੰਦਾ ਰਹਿ ਸਕਣ। ਚੀਨ ਵਿਚ ਖਾਣਾਂ ਵਿਚ ਕੰਮ ਕਰਦੇ ਸਮੇਂ ਹਾਦਸਿਆਂ ਕਾਰਨ ਹਰ ਸਾਲ ਸੈਂਕੜੇ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਹੈ।