ਮੁਜ਼ੱਫਰਾਬਾਦ (ਏਜੰਸੀਆਂ) : ਭਾਰਤ ਦੇ ਸਖ਼ਤ ਵਿਰੋਧ ਦਰਮਿਆਨ ਮਕਬੂਜ਼ਾ ਕਸ਼ਮੀਰ ਦੇ ਗਿਲਗਿਤ-ਬਾਲਤਿਸਤਾਨ ਵਿਚ ਐਤਵਾਰ ਨੂੰ ਵੋਟਿੰਗ ਹੋਈ। 23 ਵਿਧਾਨ ਸਭਾ ਖੇਤਰਾਂ ਲਈ ਚਾਰ ਅੌਰਤਾਂ ਸਣੇ 330 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਕ ਵਿਧਾਨ ਸਭਾ ਖੇਤਰ ਵਿਚ ਵੋਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਖੇਤਰ ਵਿਚ ਰਜਿਸਟਰਡ ਕੁਲ 7,45,361 ਵੋਟਰ ਹਨ ਪ੍ਰੰਤੂ ਕਿੰਨੇ ਪ੍ਰਤੀਸ਼ਤ ਵੋਟਿੰਗ ਹੋਈ ਹੈ ਇਸ ਬਾਰੇ ਵਿਚ ਪਤਾ ਨਹੀਂ ਚੱਲ ਸਕਿਆ ਹੈ। ਚੋਣ ਦੇ ਵਿਰੋਧ ਨੂੰ ਦੇਖਦੇ ਹੋਏ ਲਗਭਗ 16 ਹਜ਼ਾਰ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

ਸਰਵੇਖਣ ਵਿਚ ਇਮਰਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀੋਟੀਆਈ), ਬਿਲਾਵਲ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅਤੇ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਵਿਚਕਾਰ ਤਿਕੋਣਾ ਮੁਕਾਬਲਾ ਹੈ। ਪੀਪੀਪੀ ਨੇ ਜਿੱਥੇ ਸਾਰੀਆਂ 23 ਸੀਟਾਂ 'ਤੇ ਉਮੀਦਵਾਰ ਉਤਾਰੇ ਹਨ ਉੱਥੇ ਪੀਐੱਮਐੱਲ-ਐੱਨ ਦੇ ਉਮੀਦਵਾਰ 21 ਸੀਟਾਂ 'ਤੇ ਵਿਰੋਧੀਆਂ ਨੂੰ ਟੱਕਰ ਦੇ ਰਹੇ ਹਨ। ਪੀਟੀਆਈ ਨੇ ਸ਼ੀਆ ਫਿਰਕੇ ਦੀ ਪਾਰਟੀ ਮਜਲਿਸ-ਏ-ਬਹਦਤੁਲ ਮੁਸਲਮੀਨ ਨਾਲ ਦੋ ਸੀਟਾਂ 'ਤੇ ਗੱਠਜੋੜ ਕੀਤਾ ਹੈ। ਖੇਤਰ ਵਿਚ ਸ਼ੀਆ ਮੁਸਲਮਾਨਾਂ ਦੀ ਚੰਗੀ-ਖਾਸੀ ਗਿਣਤੀ ਹੈ। ਸਾਲ 2010 ਵਿਚ ਪੇਸ਼ ਕੀਤੇ ਗਏ ਸਿਆਸੀ ਸੁਧਾਰ ਪਿੱਛੋਂ ਇਹ ਤੀਜੀ ਚੋਣ ਹੈ। ਪ੍ਰੰਪਰਾਗਤ ਰੂਪ ਤੋਂ ਜੋ ਪਾਰਟੀ ਇਸਲਾਮਾਬਾਦ ਵਿਚ ਸੱਤਾ ਵਿਚ ਹੁੰਦੀ ਹੈ ਉਹੀ ਪਾਰਟੀ ਗਿਲਗਿਤ-ਬਾਲਤਿਸਤਾਨ ਦੀ ਚੋਣ ਜਿੱਤਦੀ ਹੈ। ਸਭ ਤੋਂ ਪਹਿਲੀ ਚੋਣ ਪੀਪੀਪੀ ਨੇ ਜਿੱਤੀ ਸੀ। ਉਸ ਨੂੰ 15 ਸੀਟਾਂ ਮਿਲੀਆਂ ਸਨ। ਇਸ ਪਿੱਛੋਂ ਸਾਲ 2015 ਵਿਚ ਹੋਈ ਚੋਣ ਵਿਚ ਪੀਐੱਮਐੱਲ-ਐੱਨ ਨੇ ਬਹੁਮਤ ਹਾਸਲ ਕੀਤਾ ਸੀ। ਉਸ ਨੂੰ 16 ਸੀਟਾਂ ਮਿਲੀਆਂ ਸਨ। ਗੈਲਪ ਵੱਲੋਂ ਕੀਤੇ ਗਏ ਸਰਵੇਖਣ ਵਿਚ ਪੀਟੀਆਈ ਦੇ ਚੋਣ ਜਿੱਤਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ। ਚੋਣ ਵਿਚ ਸਭ ਤੋਂ ਵੱਡਾ ਮੁੱਦਾ ਖੇਤਰ ਨੂੰ ਸੂਬੇ ਦਾ ਦਰਜਾ ਦੇਣਾ ਹੈ।

ਭਾਰਤ ਨੇ ਪ੍ਰਗਟਾਇਆ ਸਖ਼ਤ ਵਿਰੋਧ

ਭਾਰਤ ਨੇ ਗਿਲਗਿਤ-ਬਾਲਤਿਸਤਾਨ 'ਚ ਚੋਣ ਕਰਾਉਣ 'ਤੇ ਸਖ਼ਤ ਵਿਰੋਧ ਦਰਜ ਕਰਾਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਪਿਛਲੇ ਦਿਨੀਂ ਗਿਲਗਿਤ-ਬਾਲਤਿਸਤਾਨ ਵਿਚ ਚੋਣ ਕਰਾਉਣ ਦੇ ਪਾਕਿਸਤਾਨ ਦੇ ਐਲਾਨ 'ਤੇ ਕਿਹਾ ਸੀ ਕਿ ਫ਼ੌਜ ਰਾਹੀਂ ਕਬਜ਼ਾ ਕੀਤੇ ਗਏ ਖੇਤਰ ਦੀ ਸਥਿਤੀ ਵਿਚ ਬਦਲਾਅ ਕਰਨ ਦੇ ਕਿਸੇ ਕਦਮ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਸਾਡਾ ਰੁਖ਼ ਪੂਰੀ ਤਰ੍ਹਾਂ ਸਪੱਸ਼ਟ ਹੈ। ਸੰਪੂਰਣ ਜੰਮੂ-ਕਸ਼ਮੀਰ ਅਤੇ ਲੱਦਾਖ ਭਾਰਤ ਦਾ ਅਟੁੱਟ ਅੰਗ ਹੈ ਤੇ ਹਮੇਸ਼ਾ ਰਹੇਗਾ।