ਬ੍ਰਾਸੀਲੀਆ, ਏਜੰਸੀਆਂ : ਦੁਨੀਆ 'ਚ ਅਮਰੀਕਾ ਪਿੱਛੋਂ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਬ੍ਰਾਜ਼ੀਲ ਵਿਚ ਇਸ ਮਹਾਮਾਰੀ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਕੋਰੋਨਾ ਪ੍ਰਭਾਵਿਤ ਲੋਕਾਂ ਦਾ ਅੰਕੜਾ ਲਗਾਤਾਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਇਸ ਲਾਤੀਨੀ ਅਮਰੀਕੀ ਦੇਸ਼ ਵਿਚ ਫਿਰ 55 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ ਹਨ। ਇਸ ਨਾਲ ਕੋਰੋਨਾ ਪੀੜਤਾਂ ਦਾ ਕੁਲ ਅੰਕੜਾ 31 ਲੱਖ 70 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਇਨ੍ਹਾਂ ਵਿਚ ਇਕ ਲੱਖ ਚਾਰ ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋਈ ਹੈ। ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਜੂਝ ਰਹੇ ਅਮਰੀਕਾ ਵਿਚ ਹੁਣ ਤਕ 53 ਲੱਖ 60 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਪ੍ਰਭਾਵਿਤ ਮਿਲੇ ਹਨ। ਕਰੀਬ ਇਕ ਲੱਖ 70 ਹਜ਼ਾਰ ਦੀ ਜਾਨ ਗਈ ਹੈ।

ਬ੍ਰਾਜ਼ੀਲ ਦੇ ਸਿਹਤ ਮੰਤਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਦੇਸ਼ ਭਰ ਵਿਚ ਬੀਤੇ 24 ਘੰਟਿਆਂ ਦੌਰਾਨ 55 ਹਜ਼ਾਰ 155 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। ਇਸ ਦੌਰਾਨ 1,175 ਪੀੜਤਾਂ ਨੇ ਦਮ ਤੋੜ ਦਿੱਤਾ। ਇਕ ਦਿਨ ਪਹਿਲੇ ਹੀ ਕਰੀਬ 55 ਹਜ਼ਾਰ ਨਵੇਂ ਮਾਮਲੇ ਮਿਲੇ ਸਨ ਜਦਕਿ 1,274 ਦੀ ਜਾਨ ਗਈ ਸੀ। ਦੁਨੀਆ ਵਿਚ ਅਮਰੀਕਾ ਪਿੱਛੋਂ ਬ੍ਰਾਜ਼ੀਲ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ ਨੂੰ ਕੋਰੋਨਾ ਨੂੰ ਵਿਸ਼ਵ ਮਹਾਮਾਰੀ ਐਲਾਨਿਆ ਸੀ। ਇਸ ਘਾਤਕ ਮਹਾਮਾਰੀ ਦੀ ਲਪੇਟ ਵਿਚ ਆ ਕੇ ਦੁਨੀਆ ਭਰ ਵਿਚ ਹੁਣ ਤਕ 2 ਕਰੋੜ ਅੱਠ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਜਦਕਿ ਮਰਨ ਵਾਲਿਆਂ ਦਾ ਵਿਸ਼ਵ ਪੱਧਰ 'ਤੇ ਅੰਕੜਾ ਸੱਤ ਲੱਖ 48 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ।

ਬ੍ਰਾਜ਼ੀਲ ਤੋਂ ਮੰਗਵਾਏ ਚਿਕਨ 'ਚ ਮਿਲਿਆ ਕੋਰੋਨਾ : ਚੀਨ

ਚੀਨ ਨੇ ਦਾਅਵਾ ਕੀਤਾ ਹੈ ਕਿ ਬ੍ਰਾਜ਼ੀਲ ਤੋਂ ਦਰਾਮਦ ਕੀਤੇ ਗਏ ਫਰੋਜ਼ਨ ਚਿਕਨ ਵਿਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਹ ਮਾਮਲਾ ਦੋ ਸ਼ਹਿਰਾਂ ਵਿਚ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ ਦੇ ਦੱਖਣੀ ਸ਼ੇਨਜੇਨ ਅਤੇ ਪੱਛਮੀ-ਉੱਤਰੀ ਸ਼ਿਯਾਨ ਸ਼ਹਿਰਾਂ ਵਿਚ ਫਰੋਜ਼ਨ ਫੂਡ ਦੀ ਜਾਂਚ ਦੌਰਾਨ ਨਮੂਨਿਆਂ ਵਿਚ ਕੋਰੋਨਾ ਮਿਲਿਆ ਹੈ। ਇਹ ਖ਼ਤਰਨਾਕ ਵਾਇਰਸ ਚਿਕਨ ਵਿੰਗਸ ਦੇ ਨਮੂਨਿਆਂ ਵਿਚ ਮਿਲਿਆ। ਲੋਕਾਂ ਨੂੰ ਇਸ ਪ੍ਰਤੀ ਆਗਾਹ ਕਰ ਦਿੱਤਾ ਗਿਆ ਹੈ। ਇਕ ਦਿਨ ਪਹਿਲੇ ਅਨਹੂਈ ਸੂਬੇ ਵਿਚ ਇਕਵਾਡੋਰ ਤੋਂ ਦਰਾਮਦ ਮੱਛੀ 'ਚ ਕੋਰੋਨਾ ਵਾਇਰਸ ਮਿਲਿਆ ਸੀ।