ਯੇਰੂਸ਼ਲਮ (ਏਜੰਸੀ) : ਪੂਰਬੀ ਯੇਰੁਸ਼ਲਮ ਦੇ ਪੁਰਾਣੇ ਹਿੱਸੇ 'ਚ ਸਥਿਤ ਟੈਂਪਲ ਮਾਊਂਟ ਨੂੰ ਯਹੂਦੀ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਇਜ਼ਰਾਇਲੀ ਪੁਲਿਸ ਦੀ ਸੁਰੱਖਿਆ 'ਚ ਪਹਿਲੇ ਦਿਨ 50 ਯਹੂਦੀ ਸ਼ਰਧਾਲੂ ਉੱਥੇ ਤੀਰਥ ਯਾਤਰਾ ਲਈ ਪੁੱਜੇ। ਮੁਸਲਮਾਨ ਵੀ ਇਸੇ ਖੇਤਰ ਨੂੰ ਪਵਿੱਤਰ ਸਥਾਨ ਮੰਨਦੇ ਹਨ। ਇਸੇ ਖੇਤਰ 'ਚ ਅਲ-ਅਕਸਾ ਮਸਜਿਦ ਵੀ ਹੈ ਜਿੱਥੋਂ ਇਜ਼ਰਾਇਲੀ ਪੁਲਿਸ ਤੇ ਫਲਸਤੀਨੀਆਂ ਵਿਚਕਾਰ ਹਿੰਸਕ ਝੜਪ ਨੇ ਜੰਗ ਦਾ ਰੂਪ ਲੈ ਲਿਆ ਸੀ।

ਇਜ਼ਰਾਇਲ ਤੇ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਵਿਚਕਾਰ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਜੰਗਬੰਦੀ ਜਾਰੀ ਰਹੀ। ਇਜ਼ਰਾਇਲੀ ਪੁਲਿਸ ਨੇ ਮੰਨਿਆ ਕਿ ਉਨ੍ਹਾਂ ਦੇ ਪਵਿੱਤਰ ਸਥਾਨ ਦੇ ਯਹੂਦੀਆਂ ਲਈ ਖੁੱਲ੍ਹਣ 'ਤੇ ਪਹਿਲੇ ਦਿਨ ਸ਼ਾਂਤੀ ਕਾਇਮ ਰਹੀ। ਰਮਜ਼ਾਨ ਦੌਰਾਨ ਤਿੰਨ ਮਈ ਤੋਂ ਬਾਅਦ ਤੋਂ ਇੱਥੇ ਅਲ-ਅਕਸਾ ਮਸਜਿਦ 'ਚ ਹੋਈ ਹਿੰਸਾ ਤੋਂ ਬਾਅਦ ਇਹ ਤੀਰਥ ਯਾਤਰਾ ਪਹਿਲੀ ਵਾਰ ਸ਼ੁਰੂ ਹੋਈ ਹੈ। ਇਸ ਥਾਂ ਨੂੰ ਯਹੂਦੀ ਵੀ ਬਹੁਤ ਪਵਿੱਤਰ ਮੰਨਦੇ ਹਨ ਤੇ 1067 'ਚ ਹੋਈ ਜੰਗ ਤੋਂ ਬਾਅਦ ਤੋਂ ਇਸ ਖੇਤਰ 'ਤੇ ਇਜ਼ਰਾਇਲ ਕਾਬਜ਼ ਹੈ। ਇਜ਼ਰਾਇਲ ਪੂਰੇ ਯੇਰੂਸ਼ਲਮ ਨੂੰ ਆਪਣੀ ਰਾਜਧਾਨੀ ਮੰਨਦਾ ਹੈ।

ਇਸ ਦੌਰਾਨ 11 ਦਿਨਾਂ ਤਕ ਇਜ਼ਰਾਇਲ ਤੇ ਫਲਸਤੀਨੀ ਸੰਗਠਨ ਵਿਚਕਾਰ ਜਾਰੀ ਜੰਗ ਕਾਰਨ ਬਾਅਦ 'ਚ ਐਤਵਾਰ ਨੂੰ ਗਾਜ਼ਾਪੱਟੀ 'ਚ ਸਰਕਾਰੀ ਦਫ਼ਤਰ ਖੋਲ੍ਹ ਦਿੱਤੇ ਗਏ ਹਨ ਤੇ ਫਿਲਹਾਲ ਹਾਲਾਤ ਆਮ ਹੋਣ ਵੱਲ ਵਧਣਾ ਸ਼ੁਰੂ ਹੋ ਗਏ ਹਨ।

ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਨੇ ਜੰਗਬੰਦੀ ਦਾ ਪੂਰਨ ਪਾਲਣ ਕਰਨ ਦਾ ਸੱਦਾ ਦਿੱਤਾ। ਸ਼ਨਿਚਰਵਾਰ ਨੂੰ ਇਕ ਬਿਆਨ 'ਚ ਸੁਰੱਖਿਆ ਪ੍ਰਰੀਸ਼ਦ ਦੇ ਸਾਰੇ 15 ਮੈਂਬਰਾਂ ਵੱਲੋਂ ਸਮਰਥਿਤ ਹਿੰਸਾ ਦੇ ਨਤੀਜੇ ਵਜੋਂ ਨਾਗਰਿਕ ਜੀਵਨ ਦੇ ਨੁਕਸਾਨ 'ਤੇ ਸ਼ੋਕ ਪ੍ਰਗਟ ਕੀਤਾ। ਤੇ ਫਲਸਤੀਨੀ ਨਾਗਰਿਕ ਅਬਾਦੀ, ਵਿਸ਼ੇਸ਼ ਤੌਰ 'ਤੇ ਗਾਜ਼ਾ 'ਚ ਮਨੁੱਖੀ ਸਹਾਇਤਾ ਦੀ ਤੱਤਕਾਲ ਜਰੂਰਤ 'ਤੇ ਜ਼ੋਰ ਦਿੱਤਾ।