ਪੈਰਿਸ (ਏਜੰਸੀਆਂ) : ਯੂਰਪ ਵਿਚ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਵੱਧਦੀ ਜਾ ਰਹੀ ਹੈ। ਇਸ ਨਾਲ ਨਿਪਟਣ ਲਈ ਕਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸੇ ਕਵਾਇਦ ਵਿਚ ਫਰਾਂਸ ਅਤੇ ਇਟਲੀ ਵਿਚ ਕਰਫਿਊ ਦਾ ਦਾਇਰਾ ਵਧਾ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਯੂਰਪੀ ਦੇਸ਼ਾਂ ਵਿਚ ਤੇਜ਼ੀ ਨਾਲ ਇਨਫੈਕਸ਼ਨ ਵੱਧ ਰਿਹਾ ਹੈ। ਫਰਾਂਸ ਦੀ ਕਰੀਬ ਦੋ-ਤਿਹਾਈ ਆਬਾਦੀ ਕਰਫਿਊ ਦੇ ਦਾਇਰੇ ਵਿਚ ਆ ਗਈ ਹੈ ਜਦਕਿ ਇਟਲੀ ਦੀ ਇਕ-ਤਿਹਾਈ ਤੋਂ ਜ਼ਿਆਦਾ ਆਬਾਦੀ ਕਰਫਿਊ ਦੀ ਜ਼ਦ ਵਿਚ ਆ ਗਈ ਹੈ।

ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪਿਛਲੇ ਹਫ਼ਤੇ ਰਾਜਧਾਨੀ ਪੈਰਿਸ ਅਤੇ ਲਿਓਨ ਸਮੇਤ ਦੇਸ਼ ਦੇ ਅੱਠ ਸ਼ਹਿਰਾਂ ਵਿਚ ਚਾਰ ਹਫ਼ਤੇ ਲਈ ਕਰਫਿਊ ਦਾ ਐਲਾਨ ਕੀਤਾ ਸੀ। ਇਸ ਨਾਲ 6.7 ਕਰੋੜ ਦੀ ਆਬਾਦੀ ਵਾਲੇ ਫਰਾਂਸ ਵਿਚ 4.6 ਕਰੋੜ ਲੋਕਾਂ ਨੂੰ ਰਾਤ 9 ਵਜੇ ਤੋਂ ਸਵੇਰੇ ਛੇ ਵਜੇ ਤਕ ਕਰਫਿਊ ਦਾ ਪਾਲਣ ਕਰਨਾ ਹੋਵੇਗਾ। ਕਾਸਟੈਕਸ ਨੇ ਕਿਹਾ ਕਿ ਫਰਾਂਸ ਸਮੇਤ ਪੂਰਾ ਯੂਰਪ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਹੈ। ਹਾਲਾਤ ਬੇਹੱਦ ਗੰਭੀਰ ਹੋ ਗਏ ਹਨ। ਇਸ ਦੌਰਾਨ ਫਰਾਂਸੀਸੀ ਸਿਹਤ ਅਧਿਕਾਰੀਆਂ ਨੇ ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ ਰਿਕਾਰਡ 41 ਹਜ਼ਾਰ 622 ਨਵੇਂ ਮਾਮਲੇ ਪਾਏ ਜਾਣ ਦੀ ਪੁਸ਼ਟੀ ਕੀਤੀ। ਉਧਰ, ਯੂਰਪ ਵਿਚ ਪਹਿਲੇ ਦੌਰ ਦੀ ਕੋਰੋਨਾ ਮਹਾਮਾਰੀ ਦਾ ਕੇਂਦਰ ਰਹੇ ਇਟਲੀ ਵਿਚ ਇਨਫੈਕਸ਼ਨ ਫਿਰ ਵੱਧ ਰਿਹਾ ਹੈ। ਇਸ ਦੇਸ਼ ਵਿਚ ਬੀਤੇ 24 ਘੰਟੇ ਦੌਰਾਨ ਰਿਕਾਰਡ 13 ਹਜ਼ਾਰ 860 ਨਵੇਂ ਮਾਮਲੇ ਮਿਲੇ। ਯੂਰਪ ਵਿਚ ਬਿ੍ਟੇਨ ਅਤੇ ਸਪੇਨ ਵਿਚ ਵੀ ਹਾਲਾਤ ਵਿਗੜ ਰਹੇ ਹਨ।

ਜਰਮਨੀ : 11 ਹਜ਼ਾਰ 242 ਨਵੇਂ ਕੇਸ ਮਿਲਣ ਨਾਲ ਪੀੜਤਾਂ ਦੀ ਗਿਣਤੀ ਚਾਰ ਲੱਖ 10 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇਸ ਦੇਸ਼ ਵਿਚ ਕੁਲ 10 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋਈ ਹੈ।

ਬੈਲਜੀਅਮ : ਕੋਰੋਨਾ ਇਨਫੈਕਸ਼ਨ ਰੋਕਣ ਲਈ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ। ਇੱਥੇ ਨਵੇਂ ਮਾਮਲਿਆਂ ਵਿਚ ਉਛਾਲ ਪਿੱਛੋਂ ਇਹ ਕਦਮ ਚੁੱਕਿਆ ਗਿਆ।

ਪੋਲੈਂਡ : ਦੇਸ਼ ਭਰ ਵਿਚ ਇਕ ਦਿਨ ਵਿਚ 13 ਹਜ਼ਾਰ 600 ਨਵੇਂ ਕੋਰੋਨਾ ਦੇ ਮਰੀਜ਼ ਮਿਲੇ। ਇਨਫੈਕਸ਼ਨ ਰੋਕਣ ਲਈ ਰੈਸਤਰਾਂ ਅਤੇ ਬਾਰ ਦੋ ਹਫ਼ਤੇ ਲਈ ਬੰਦ ਕੀਤੇ ਜਾਣਗੇ।

ਸਵਿਟਜ਼ਰਲੈਂਡ : ਇਸ ਯੂਰਪੀ ਦੇਸ਼ ਵਿਚ 6,636 ਨਵੇਂ ਕੋਰੋਨਾ ਰੋਗੀ ਮਿਲਣ ਨਾਲ ਪੀੜਤਾਂ ਦੀ ਗਿਣਤੀ ਇਕ ਲੱਖ ਦੇ ਪਾਰ ਪੁੱਜ ਗਈ। ਦੋ ਹਜ਼ਾਰ ਦੀ ਜਾਨ ਗਈ ਹੈ।