ਪੈਰਿਸ (ਏਜੰਸੀਆਂ) : ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆਏ ਫਰਾਂਸ, ਸਪੇਨ, ਬਿ੍ਟੇਨ ਅਤੇ ਜਰਮਨੀ ਸਮੇਤ ਕਈ ਯੂਰਪੀ ਦੇਸ਼ਾਂ ਵਿਚ ਇਸ ਖ਼ਤਰਨਾਕ ਵਾਇਰਸ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿਚ ਰੋਜ਼ਾਨਾ ਰਿਕਾਰਡ ਗਿਣਤੀ ਵਿਚ ਨਵੇਂ ਮਰੀਜ਼ ਮਿਲ ਰਹੇ ਹਨ। ਹਾਲਾਂਕਿ ਕਈ ਦੇਸ਼ਾਂ ਨੇ ਰੋਕਥਾਮ ਲਈ ਸਖ਼ਤ ਕਦਮ ਚੁੱਕੇ ਹਨ ਪ੍ਰੰਤੂੁ ਇਸ ਦੇ ਬਾਵਜੂਦ ਕਹਿਰ ਰੁੱਕ ਨਹੀਂ ਰਿਹਾ ਹੈ।

ਜੋਹਨਸ ਹਾਪਕਿੰਸ ਯੂਨੀਵਰਸਿਟੀ ਦੇ ਡਾਟਾ ਅਨੁਸਾਰ ਫਰਾਂਸ ਵਿਚ ਵੀਰਵਾਰ ਨੂੰ ਕੋਰੋਨਾ ਪੀੜਤਾਂ ਦਾ ਅੰਕੜਾ 10 ਲੱਖ ਦੇ ਪਾਰ ਹੋ ਗਿਆ। ਇਸ ਦੇਸ਼ ਵਿਚ ਹੁਣ ਤਕ 34 ਹਜ਼ਾਰ ਤੋਂ ਜ਼ਿਆਦਾ ਪੀੜਤਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲੇ ਬੁੱਧਵਾਰ ਨੂੰ ਸਪੇਨ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 10 ਲੱਖ ਦੇ ਪਾਰ ਹੋਈ ਸੀ।

ਇਸ ਯੂਰਪੀ ਦੇਸ਼ ਵਿਚ ਕੁਲ 34 ਹਜ਼ਾਰ ਤੋਂ ਜ਼ਿਆਦਾ ਰੋਗੀਆਂ ਦੀ ਜਾਨ ਗਈ ਹੈ। ਉਧਰ, ਬਿ੍ਟੇਨ ਵਿਚ ਵੀ ਤੇਜ਼ੀ ਨਾਲ ਹਾਲਾਤ ਖ਼ਰਾਬ ਹੋ ਰਹੇ ਹਨ। ਇੱਥੇ ਭਾਰਤੀ ਮੂਲ ਦੇ ਲੋਕਾਂ ਅਤੇ ਦੂਜੇ ਘੱਟ ਗਿਣਤੀ ਭਾਈਚਾਰਿਆਂ ਵਿਚ ਉੱਚ ਮੌਤ ਦਰ ਦੀ ਸਮੀਖਿਆ ਤਹਿਤ ਵੀਰਵਾਰ ਨੂੰ ਨਵੇਂ ਉਪਾਵਾਂ ਦਾ ਐਲਾਨ ਕੀਤਾ ਗਿਆ।

ਬਿ੍ਟੇਨ 'ਚ ਬੁੱਧਵਾਰ ਨੂੰ 26 ਹਜ਼ਾਰ ਤੋਂ ਜ਼ਿਆਦਾ ਨਵੇਂ ਪਾਜ਼ੇਟਿਵ ਕੇਸ ਪਏ ਜਾਣ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਕਰੀਬ ਸੱਤ ਲੱਖ 90 ਹਜ਼ਾਰ ਹੋ ਗਈ ਹੈ। ਇਸ ਦੌਰਾਨ, ਜਰਮਨੀ ਦੇ ਰੋਗ ਕੰਟਰੋਲ ਕੇਂਦਰ ਨੇ ਦੱਸਿਆ ਕਿ ਬੀਤੇ 24 ਘੰਟਿਆਂ ਵਿਚ 11 ਹਜ਼ਾਰ 287 ਨਵੇਂ ਮਾਮਲੇ ਮਿਲੇ ਹਨ। ਇਸ ਦੇਸ਼ ਵਿਚ ਇਕ ਦਿਨ ਵਿਚ ਪਹਿਲੀ ਵਾਰ ਏਨੀ ਵੱਡੀ ਗਿਣਤੀ ਵਿਚ ਕੋਰੋਨਾ ਪੀੜਤ ਮਿਲੇ ਹਨ। ਪੋਲੈਂਡ 'ਚ ਵੀ ਤੇਜ਼ੀ ਨਾਲ ਕੋਰੋਨਾ ਦੇ ਮਰੀਜ਼ ਵੱਧ ਰਹੇ ਹਨ। ਇੱਥੋਂ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਭਰ ਵਿਚ ਬੀਤੇ 24 ਘੰਟਿਆਂ ਦੌਰਾਨ ਰਿਕਾਰਡ 12 ਹਜ਼ਾਰ 107 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ।

ਅਮਰੀਕਾ 'ਚ ਰੋਜ਼ ਮਿਲ ਰਹੇ 60 ਹਜ਼ਾਰ ਨਵੇਂ ਮਾਮਲੇ

ਅਮਰੀਕਾ ਵਿਚ ਕੋਰੋਨਾ ਮਹਾਮਾਰੀ ਫਿਰ ਵੱਧ ਰਹੀ ਹੈ। ਪਿਛਲੇ ਇਕ ਹਫ਼ਤੇ ਤੋਂ ਰੋਜ਼ਾਨਾ ਅੌਸਤਨ ਕਰੀਬ 60 ਹਜ਼ਾਰ ਨਵੇਂ ਮਾਮਲੇ ਮਿਲ ਰਹੇ ਹਨ। ਮੱਧ ਸਤੰਬਰ ਵਿਚ ਰੋਜ਼ਾਨਾ ਅੌਸਤਨ 35 ਹਜ਼ਾਰ ਕੋਰੋਨਾ ਪ੍ਰਭਾਵਿਤ ਮਿਲ ਰਹੇ ਸਨ। ਮੱਧ ਪੱਛਮੀ ਅਮਰੀਕਾ ਦੇ ਛੇ ਸੂਬਿਆਂ ਆਯੋਵਾ, ਮਿਨੇਸੋਟਾ, ਮੋਂਟਾਨਾ, ਕੰਸਾਸ, ਹਵਾਈ ਅਤੇ ਵਿਸਕਾਨਸਿਨ ਵਿਚ ਨਵੇਂ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਨੇਪਾਲ : ਇਸ ਦੇਸ਼ ਵਿਚ 3,637 ਨਵੇਂ ਮਾਮਲੇ ਮਿਲਣ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਅੰਕੜਾ ਕਰੀਬ ਡੇਢ ਲੱਖ ਹੋ ਗਿਆ ਹੈ। ਇੱਥੇ 812 ਪੀੜਤਾਂ ਦੀ ਜਾਨ ਗਈ ਹੈ।

ਰੂਸ : 15 ਹਜ਼ਾਰ 971 ਨਵੇਂ ਪੀੜਤ ਮਿਲਣ ਨਾਲ ਕੋਰੋਨਾ ਰੋਗੀਆਂ ਦੀ ਗਿਣਤੀ 14 ਲੱਖ 63 ਹਜ਼ਾਰ ਤੋਂ ਜ਼ਿਆਦਾ ਹੋ ਗਈ। ਹੁਣ ਤਕ 25 ਹਜ਼ਾਰ 242 ਲੋਕਾਂ ਦੀ ਜਾਨ ਗਈ ਹੈ।

ਬ੍ਰਾਜ਼ੀਲ : 24 ਹਜ਼ਾਰ 818 ਨਵੇਂ ਰੋਗੀ ਮਿਲਣ ਨਾਲ ਪੀੜਤਾਂ ਦੀ ਗਿਣਤੀ 53 ਲੱਖ ਹੋ ਗਈ ਹੈ। ਇਸ ਲਾਤੀਨੀ ਅਮਰੀਕੀ ਦੇਸ਼ ਵਿਚ ਇਕ ਲੱਖ 55 ਹਜ਼ਾਰ ਦੀ ਜਾਨ ਗਈ ਹੈ।

ਅਰਜਨਟੀਨਾ : 18 ਹਜ਼ਾਰ 326 ਨਵੇਂ ਪੀੜਤ ਮਿਲਣ ਨਾਲ ਮਰੀਜ਼ਾਂ ਦੀ ਗਿਣਤੀ 10 ਲੱਖ 37 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। 27 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋਈ ਹੈ।