ਬੀਜਿੰਗ (ਰਾਇਟਰ) : ਤਾਇਵਾਨ ਨੂੰ ਹਥਿਆਰਾਂ ਦੀ ਵਿਕਰੀ ਤੋਂ ਭੜਕੇ ਚੀਨ ਨੇ ਕਿਹਾ ਕਿ ਉਹ ਇਸ ਸੌਦੇ ਵਿਚ ਸ਼ਾਮਲ ਲਾਕਹੀਡ ਮਾਰਟਿਨ, ਬੋਇੰਗ ਡਿਫੈਂਸ, ਰੇਥੀਆਨ ਅਤੇ ਦੂਜੀਆਂ ਅਮਰੀਕੀ ਕੰਪਨੀਆਂ 'ਤੇ ਪਾਬੰਦੀ ਲਗਾਏਗਾ। ਚੀਨ ਦੀਪੀ ਦੇਸ਼ ਤਾਇਵਾਨ ਨੂੰ ਆਪਣਾ ਮੰਨਦਾ ਹੈ। ਉਹ ਇਸ ਖੇਤਰ 'ਤੇ ਕਬਜ਼ੇ ਲਈ ਕਈ ਵਾਰ ਹਮਲੇ ਦੀ ਧਮਕੀ ਵੀ ਦੇ ਚੁੱਕਾ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਕਾਰਵਾਈ ਕਰੇਗਾ। ਤਾਇਵਾਨ ਨੂੰ ਹਥਿਆਰ ਵਿਕਰੀ ਵਿਚ ਸ਼ਾਮਲ ਅਮਰੀਕੀ ਕੰਪਨੀਆਂ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਅਮਰੀਕੀ ਕੰਪਨੀਆਂ 'ਤੇ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਣਗੀਆਂ। ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਵਿਦੇਸ਼ ਵਿਭਾਗ ਨੇ ਤਾਇਵਾਨ ਨੂੰ ਸੈਂਸਰ, ਮਿਜ਼ਾਈਲ ਅਤੇ ਟੈਂਕਾਂ ਸਮੇਤ 1.8 ਅਰਬ ਡਾਲਰ (ਕਰੀਬ 13 ਹਜ਼ਾਰ ਕਰੋੜ ਰੁਪਏ) ਦੇ ਰੱਖਿਆ ਸੌਦੇ ਨੂੰ ਮਨਜ਼ੂਰੀ ਦਿੱਤੀ ਹੈ। ਤਾਇਵਾਨ ਦਾ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਨਾਲ ਅਧਿਕਾਰਤ ਤੌਰ 'ਤੇ ਕੋਈ ਡਿਪਲੋਮੈਟਿਕ ਸਬੰਧ ਨਹੀਂ ਹੈ ਪ੍ਰੰਤੂ ਵਾਸ਼ਿੰਗਟਨ ਇਸ ਦੀਪੀ ਖੇਤਰ ਨੂੰ ਆਪਣੀਆਂ ਰੱਖਿਆ ਲੋੜਾਂ ਨੂੰ ਪੂਰਾ ਕਰਨ ਲਈ ਹਥਿਆਰ ਸਪਲਾਈ ਕਰਦਾ ਹੈ। ਚੀਨ ਨੂੰ ਇਹ ਰਾਸ ਨਹੀਂ ਆਉਂਦਾ ਹੈ ਅਤੇ ਇਸ ਦੀ ਤਿੱਖੀ ਆਲੋਚਨਾ ਕਰਦਾ ਹੈ।