International news ਬੀਜਿੰਗ (ਪੀਟੀਆਈ) : ਚੀਨ ਨੇ ਚੰਦਰਮਾ ਦੀ ਸਤਹਿ ਤੋਂ ਨਮੂਨੇ ਲਿਆਉਣ ਲਈ ਆਪਣਾ ਪੁਲਾੜ ਵਾਹਨ ਸਫਲਤਾਪੂਰਵਕ ਰਵਾਨਾ ਕਰ ਦਿੱਤਾ ਹੈ। ਇਹ ਪੁਲਾੜ ਵਾਹਨ ਕਰੀਬ ਚਾਰ ਦਹਾਕੇ ਪਿੱਛੋਂ ਪਹਿਲੀ ਵਾਰ ਚੰਦਰਮਾ ਦੀ ਸਤਹਿ 'ਤੇ ਉਤਰੇਗਾ ਅਤੇ ਉੱਥੋਂ ਦੇ ਨਮੂਨੇ ਲੈ ਕੇ ਵਾਪਸ ਧਰਤੀ 'ਤੇ ਆਵੇਗਾ। ਇਸ ਪੁਲਾੜ ਵਾਹਨ ਨੂੰ ਬੇਹੱਦ ਸ਼ਕਤੀਸ਼ਾਲੀ ਲਾਂਗ ਮਾਰਚ-5 ਰਾਕਟ ਤੋਂ ਹੇਨਾਨ ਸੂਬੇ ਤੋਂ ਮੰਗਲਵਾਰ ਸਵੇਰੇ ਸਾਢੇ ਚਾਰ ਵਜੇ (ਬੀਜਿੰਗ ਸਮੇਂ ਅਨੁਸਾਰ) ਰਵਾਨਾ ਕੀਤਾ ਗਿਆ। ਦੱਸਣਯੋਗ ਹੈ ਕਿ ਅਮਰੀਕਾ ਨੇ ਨਮੂਨੇ ਇਕੱਤਰ ਕਰਨ ਲਈ ਪੁਲਾੜ ਯਾਤਰੀਆਂ ਨੂੰ ਚੰਦਰਮਾ 'ਤੇ ਭੇਜਿਆ ਸੀ ਜਦਕਿ ਤੱਤਕਾਲੀ ਸੋਵੀਅਤ ਸੰਘ ਨੇ ਨਮੂਨੇ ਇਕੱਤਰ ਕਰਨ ਲਈ ਮਾਨਵ ਰਹਿਤ ਪੁਲਾੜ ਵਾਹਨ ਚੰਦਰਮਾ 'ਤੇ ਉਤਾਰਿਆ ਸੀ।

ਚੀਨੀ ਪੁਲਾੜ ਵਾਹਨ ਚੰਦਰਮਾ ਦੇ ਪੰਧ 'ਤੇ ਪੁੱਜਣ 'ਤੇ ਆਪਣਾ ਇਕ ਲੈਂਡਰ ਉੱਥੇ ਉਤਾਰੇਗਾ। ਲੈਂਡਰ ਚੰਦਰਮਾ ਦੀ ਜ਼ਮੀਨ 'ਤੇ ਖੁਦਾਈ ਕਰ ਕੇ ਮਿੱਟੀ ਅਤੇ ਚੱਟਾਨ ਕੱਢੇਗਾ। ਫਿਰ ਇਸ ਨਮੂਨੇ ਨੂੰ ਲੈ ਕੇ ਅਸੈਂਡਰ ਦੇ ਕੋਲ ਜਾਵੇਗਾ। ਅਸੈਂਡਰ ਨਮੂਨੇ ਲੈ ਕੇ ਚੰਦਰਮਾ ਦੀ ਸਤਹਿ 'ਤੇ ਉਡੇਗਾ ਅਤੇ ਪੁਲਾੜ ਵਿਚ ਚੱਕਰ ਕੱਟ ਰਹੇ ਮੁੱਖ ਵਾਹਨ ਨਾਲ ਜੁੜੇਗਾ। ਇਸ ਪਿੱਛੋਂ ਮੁੱਖ ਪੁਲਾੜ ਵਾਹਨ ਚੰਦਰਮਾ ਦੀ ਸਤਹਿ ਦੇ ਨਮੂਨੇ ਨੂੰ ਇਕ ਕੈਪਸੂਲ ਵਿਚ ਰੱਖੇਗਾ ਅਤੇ ਫਿਰ ਉਸ ਨੂੰ ਧਰਤੀ ਲਈ ਰਵਾਨਾ ਕਰ ਦੇਵੇਗਾ। ਇਸ ਪੂਰੇ ਮਿਸ਼ਨ ਵਿਚ 20 ਦਿਨ ਤੋਂ ਜ਼ਿਆਦਾ ਦਾ ਸਮਾਂ ਲੱਗ ਸਕਦਾ ਹੈ। ਲਗਪਗ ਚਾਰ ਦਹਾਕੇ ਪਿੱਛੋਂ ਅਜਿਹਾ ਹੋਣ ਜਾ ਰਿਹਾ ਹੈ ਕਿ ਜਦੋਂ ਕੋਈ ਦੇਸ਼ ਚੰਦਰਮਾ ਦੀ ਜ਼ਮੀਨ 'ਤੇ ਖੁਦਾਈ ਕਰ ਕੇ ਉੱਥੋਂ ਚੱਟਾਨ ਦੇ ਟੁੱਕੜੇ ਅਤੇ ਮਿੱਟੀ ਲਿਆਏਗਾ। ਚੀਨ ਦੇ ਪੁਲਾੜ ਵਾਹਨ ਨੂੰ ਚੰਦਰਮਾ ਤਕ ਪੁੱਜਣ ਲਈ ਲਾਂਗ ਮਾਰਚ-5 ਰਾਕਟ ਦੀ ਵਰਤੋਂ ਕੀਤੀ ਗਈ ਹੈ। ਇਹ ਰਾਕਟ ਤਰਲ ਕੈਰੋਸਿਨ ਅਤੇ ਤਰਲ ਆਕਸੀਜਨ ਦੀ ਮਦਦ ਨਾਲ ਚੱਲਦਾ ਹੈ। ਚੀਨ ਦਾ ਇਹ ਮਹਾ ਵਿਨਾਸ਼ਕਾਰੀ ਰਾਕਟ 187 ਫੁੱਟ ਲੰਬਾ ਅਤੇ 870 ਕਿਲੋ ਭਾਰਾ ਹੈ।