ਹਾਂਗਕਾਂਗ (ਏਐੱਨਆਈ) : ਚੀਨ ਆਪਣੀਆਂ ਵਿਸਤਾਰਵਾਦੀ ਨੀਤੀਆਂ ਤੋਂ ਬਾਜ ਨਹੀਂ ਆ ਰਿਹਾ। ਸਰਹੱਦ 'ਤੇ ਜਾਰੀ ਤਨਾਤਨੀ ਵਿਚਾਲੇ ਹੁਣ ਉਹ ਜਲ ਖੇਤਰ 'ਚ ਵੀ ਭਾਰਤ ਨਾਲ ਤਣਾਅ ਵਧਾ ਰਿਹਾ ਹੈ। ਉਹ ਦੁਨੀਆ ਦੀ ਸਭ ਤੋਂ ਉੱਚੀ ਨਦੀ ਯਾਰਲੁੰਗ ਝੰਗਬਾਓ 'ਤੇ ਬੰਨ੍ਹ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਭਾਰਤ ਨਾਲ ਪਾਣੀ ਸਬੰਧੀ ਸੰਘਰਸ਼ ਵੱਧ ਸਕਦਾ ਹੈ। ਏਸ਼ੀਆ ਟਾਈਮਜ਼ ਨੇ ਕਿਹਾ ਕਿ ਚੀਨ ਯਾਰਲੁੰਗ ਝੰਗਬਾਓ ਨਦੀ 'ਤੇ ਵੱਡਾ ਬੰਨ੍ਹ ਬਣਾਉਣ ਦਾ ਕੰਮ ਕਰ ਰਿਹਾ ਹੈ। ਇਹ ਨਦੀ ਤਿੱਬਤ ਤੋਂ ਹੋ ਕੇ ਵਹਿੰਦੀ ਹੈ ਤੇ ਭਾਰਤ ਪਹੁੰਚਦੀ ਹੈ। ਭਾਰਤ 'ਚ ਪ੍ਰਵੇਸ਼ ਕਰਨ ਤੋਂ ਬਾਅਦ ਇਸ ਨੂੰ ਬ੍ਰਹਮਪੁੱਤਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬੰਨ੍ਹ ਬਣਾਉਣ ਦੀ ਤਿਆਰੀ ਤੋਂ ਪਹਿਲਾਂ ਉਸ ਨੇ ਜਲ ਬਟਵਾਰੇ 'ਤੇ ਭਾਰਤ ਜਾਂ ਬੰਗਲਾਦੇਸ਼ ਨਾਲ ਕੋਈ ਗੱਲਬਾਤ ਨਹੀਂ ਕੀਤੀ। ਜੇ ਇਸ ਨਦੀ 'ਤੇ ਬੰਨ੍ਹ ਬਣਦਾ ਹੈ ਤਾਂ ਇਸ ਨਾਲ ਭਾਰਤ ਦੇ ਨਾਲ ਹੀ ਬੰਗਲਾਦੇਸ਼ ਦਾ ਜਲ ਵਹਾਅ ਵੀ ਪ੍ਰਭਾਵਤ ਹੋਵੇਗਾ। ਉਸ ਦਾ ਇਹ ਕਦਮ ਦੋਵਾਂ ਦੇਸ਼ਾਂ ਨੂੰ ਪਾਣੀ ਦੀ ਜੰਗ ਵੱਲ ਲਿਜਾ ਸਕਦਾ ਹੈ। ਏਸ਼ੀਆ ਟਾਈਮਜ਼ ਨੇ ਕਿਹਾ ਕਿ ਚੀਨ ਨਾਲ ਚੰਗੇ ਸਬੰਧਾਂ ਦੇ ਬਾਵਜੂਦ ਬੰਗਲਾਦੇਸ਼ ਨੇ ਬੰਨ੍ਹ ਬਣਾਉਣ ਦੀ ਉਸ ਦੀ ਯੋਜਨਾ ਦਾ ਵਿਰੋਧ ਕੀਤਾ ਹੈ।

ਅਖ਼ਬਾਰ 'ਚ ਬਰਟਨਿਲ ਲਿੰਟਰ ਦੇ ਛਪੇ ਲੇਖ ਮੁਤਾਬਕ ਬੰਨ੍ਹ ਬਣਨ ਤੋਂ ਬਾਅਦ ਚੀਨ ਆਪਣੇ ਦੇਸ਼ ਲਈ ਤਿੰਨ ਗੁਣਾ ਜ਼ਿਆਦਾ ਬਿਜਲੀ ਪੈਦਾ ਕਰੇਗਾ। ਬ੍ਰਹਮਪੁੱਤਰਾ ਤੇ ਗਲੇਸ਼ੀਅਰ ਦੋਵੇਂ ਚੀਨ ਤੋਂ ਹੀ ਸ਼ੁਰੂ ਹੁੰਦੇ ਹਨ। ਨਦੀ ਦੇ ਉਪਰ ਤੋਂ ਹੇਠਾਂ ਵੱਲ ਵਹਿਣ ਕਾਰਨ ਉਹ ਫ਼ਾਇਦੇ ਦੀ ਸਥਿਤੀ ਹੈ ਤੇ ਪਾਣੀ ਦੇ ਵਹਾਅ ਨੂੰ ਜਾਣਬੁੱਝ ਕੇ ਰੋਕਣ ਲਈ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵੀ ਚੀਨ ਨੇ ਕਦੇ ਆਪਣੇ ਜਲ ਬਿਜਲਈ ਪ੍ਰਰਾਜੈਕਟਾਂ ਦਾ ਵੇਰਵਾ ਨਹੀਂ ਦਿੱਤਾ।

ਇਸ ਮਾਮਲੇ 'ਚ ਗੱਲਬਾਤ ਨਾ ਕੀਤੇ ਜਾਣ ਕਾਰਨ ਭਾਰਤ ਦੇ ਨਾਲ-ਨਾਲ ਦੱਖਣੀ-ਪੂਰਬੀ ਏਸ਼ੀਆ ਦੇ ਹੋਰ ਦੇਸ਼ ਵੀ ਚੀਨ ਤੋਂ ਨਾਰਾਜ਼ ਹਨ। ਦੱਸਣਯੋਗ ਹੈ ਕਿ ਚੀਨ ਨੇ ਮਿਆਂਮਾਰ, ਲਾਓਸ, ਥਾਈਲੈਂਡ, ਕੰਬੋਡੀਆ ਤੇ ਵਿਅਤਨਾਮ ਨੂੰ ਬਿਨਾਂ ਸੂਚਨਾ ਦਿੱਤੇ ਮੇਕਾਂਗ ਨਦੀ 'ਤੇ 11 ਵੱਡੇ ਬੰਨ੍ਹ ਬਣਾਏ ਹਨ। ਹੁਣ ਭਾਰਤ ਨਾਲ ਵੀ ਚੀਨ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਚੀਨ ਦੇ ਇਸ ਕਦਮ ਨਾਲ ਭਾਰਤ ਦੇ ਨਾਲ-ਨਾਲ ਬੰਗਲਾਦੇਸ਼ 'ਚ ਵੀ ਜਲ ਸੰਕਟ ਖੜ੍ਹਾ ਹੋ ਸਕਦਾ ਹੈ ਕਿਉਂਕਿ ਦੋਵੇਂ ਦੇਸ਼ ਆਪਣੀ ਖੇਤੀ ਲਈ ਬ੍ਹਮਪੁੱਤਰ ਦੇ ਪਾਣੀ 'ਤੇ ਕਾਫੀ ਨਿਰਭਰ ਹਨ। ਦੋਵੇਂ ਦੇਸ਼ ਇਸ ਗੱਲ ਤੋਂ ਚਿੰਤਾ 'ਚ ਹਨ ਕਿ ਉਹ ਬੰਨ੍ਹ ਬਣਾ ਕੇ ਪਾਣੀ ਨੂੰ ਦੂਸਰੇ ਪਾਸੇ ਮੋੜ ਸਕਦਾ ਹੈ। ਲੇਖ ਮੁਤਾਬਕ ਦਸੰਬਰ ਦੇ ਅੰਤ 'ਚ ਚੀਨ ਨੇ ਦੱਖਣੀ ਯੂਨਾਨ ਪ੍ਰਾਂਤ ਦੇ ਝਿੰਗੋਂਗ ਸ਼ਹਿਰ ਨੇੜੇ ਆਪਣੇ ਸਾਜੋ-ਸਾਮਾਨ ਦਾ ਪ੍ਰਰੀਖਣ ਕਰਨ ਲਈ ਇਕ ਬੰਨ੍ਹ ਤੋਂ ਪਾਣੀ ਦੇ ਵਹਾਅ ਨੂੰ ਘਟਾ ਕੇ 1904 ਕਿਊਬਿਕ ਮੀਟਰ ਤੋਂ 1000 ਕਿਊਬਿਕ ਮੀਟਰ ਪ੍ਰਤੀ ਸੈਕਿੰਡ ਕਰ ਦਿੱਤਾ ਹੈ।