ਬੀਜਿੰਗ (ਏਜੰਸੀਆਂ) : ਅਮਰੀਕਾ 'ਚ ਜੋਅ ਬਾਇਡਨ ਦੇ ਰਾਸ਼ਟਰਪਤੀ ਬਣਦੇ ਹੀ ਚੀਨ ਨੇ ਟਰੰਪ ਪ੍ਰਸ਼ਾਸਨ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਉਸ ਨੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਸਮੇਤ ਟਰੰਪ ਪ੍ਰਸ਼ਾਸਨ ਦੇ 28 ਅਧਿਕਾਰੀਆਂ ਖ਼ਿਲਾਫ਼ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਤੇ ਅਮਰੀਕਾ-ਚੀਨ ਸਬੰਧਾਂ ਨੂੰ ਖ਼ਰਾਬ ਕਰਨ ਦਾ ਦੋਸ਼ ਲਗਾਇਆ ਹੈ।

ਚੀਨ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਦੇਰ ਰਾਤ ਪਾਬੰਦੀਆਂ ਦਾ ਐਲਾਨ ਕੀਤਾ। ਪੋਂਪੀਓ ਦੇ ਇਲਾਵਾ ਜਿਨ੍ਹਾਂ ਅਮਰੀਕੀਆਂ 'ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਰਥਿਕ ਸਲਾਹਕਾਰ ਰਹੇ ਪੀਟਰ ਕੇ ਨਵਾਰੋ, ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓਬ੍ਰਾਇਨ, ਵ੍ਹਾਈਟ ਹਾਊਸ ਦੇ ਮੁੱਖ ਰਣਨੀਤੀਕਾਰ ਸਟੀਫਨ ਬੇਨਨ, ਮਨੁੱਖੀ ਅਧਿਕਾਰ ਮਾਮਲਿਆਂ ਦੇ ਮੁਖੀ ਅਲੈਕਸ ਐੱਮ ਅਜਰ ਅਤੇ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਕੇਲੀ ਕ੍ਰਾਫਟ ਵੀ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਿਯੰਗ ਨੇ ਇਕ ਬਿਆਨ ਵਿਚ ਕਿਹਾ ਕਿ ਇਨ੍ਹਾਂ ਲੋਕਾਂ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਚੀਨ, ਹਾਂਗਕਾਂਗ ਅਤੇ ਮਕਾਓ ਵਿਚ ਦਾਖ਼ਲ ਹੋਣ 'ਤੇ ਰੋਕ ਲਗਾਈ ਗਈ ਹੈ। ਇਨ੍ਹਾਂ ਦੇ ਅਤੇ ਇਨ੍ਹਾਂ ਨਾਲ ਜੁੜੀਆਂ ਕੰਪਨੀਆਂ ਨਾਲ ਚੀਨ ਵਿਚ ਕਾਰੋਬਾਰ ਕਰਨ 'ਤੇ ਵੀ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਅਮਰੀਕਾ ਵਿਚ ਕੁਝ ਚੀਨ ਵਿਰੋਧੀ ਰਾਜਸੀ ਨੇਤਾ ਸਰਗਰਮ ਸਨ। ਉਹ ਆਪਣੇ ਸਵਾਰਥੀ ਡਿਪਲੋਮੈਟਿਕ ਹਿੱਤਾਂ ਲਈ ਚੀਨ ਖ਼ਿਲਾਫ਼ ਨਫ਼ਰਤ ਫੈਲਾ ਰਹੇ ਸਨ। ਚੀਨ ਨੇ ਬਾਇਡਨ ਦੇ ਸਹੁੰ ਚੁੱਕਣ ਪਿੱਛੋਂ ਇਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ।

ਟਰੰਪ ਨੇ ਅਪਣਾ ਰੱਖਿਆ ਸੀ ਸਖ਼ਤ ਰੁਖ਼

ਟਰੰਪ ਪ੍ਰਸ਼ਾਸਨ ਦੌਰਾਨ ਅਮਰੀਕਾ ਅਤੇ ਚੀਨ ਦੇ ਸਬੰਧ ਬੇਹੱਦ ਖ਼ਰਾਬ ਰਹੇ। ਇਸ ਪ੍ਰਸ਼ਾਸਨ ਨੇ ਕੋਰੋਨਾ ਮਹਾਮਾਰੀ, ਮਨੁੱਖੀ ਅਧਿਕਾਰ ਉਲਘਣਾ ਅਤੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਬੀਜਿੰਗ ਖ਼ਿਲਾਫ਼ ਸਖ਼ਤ ਰਵੱਈਆ ਅਪਣਾ ਰੱਖਿਆ ਸੀ। ਹਾਂਗਕਾਂਗ ਵਿਚ ਨਵੇਂ ਸੁਰੱਖਿਆ ਕਾਨੂੰਨ ਅਤੇ ਉਈਗਰ ਮੁਸਲਿਮਾਂ 'ਤੇ ਅੱਤਿਆਚਾਰ ਅਤੇ ਜਾਸੂਸੀ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਨੇ ਚੀਨ ਦੀਆਂ ਕਈ ਕੰਪਨੀਆਂ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ 'ਤੇ ਪਾਬੰਦੀ ਲਗਾ ਦਿੱਤੀ ਸੀ।