ਨਵੀਂ ਦਿੱਲੀ (ਏਐੱਨਆਈ) : ਮੈਕਸੀਕੋ ਤੋਂ ਵਾਪਸ ਭੇਜੇ ਗਏ ਭਾਰਤੀ ਨਾਗਰਿਕਾਂ ਨੂੰ ਲੈ ਕੇ ਜਹਾਜ਼ ਸ਼ੁੱਕਰਵਾਰ ਨੂੰ ਦਿੱਲੀ ਏਅਰਪੋਰਟ ਪਹੁੰਚਿਆ। ਇਸ ਵਿਚ ਕੁੱਲ 325 ਭਾਰਤੀ ਹਨ। ਇਹ ਸਾਰੇ ਜਾਇਜ਼ ਤਰੀਕੇ ਨਾਲ ਮੈਕਸੀਕੋ ਪਹੁੰਚੇ ਸਨ। ਕੌਮਾਂਤਰੀ ਏਜੰਟ ਦੀ ਮਦਦ ਨਾਲ ਇਹ ਅਮਰੀਕਾ 'ਚ ਪ੍ਰਵੇਸ਼ ਲਈ ਮੈਕਸੀਕੋ ਗਏ ਸਨ, ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤੀ ਕਾਰਨ ਇਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ।

ਵਾਪਸ ਆਏ ਭਾਰਤੀ ਨਾਗਰਿਕਾਂ 'ਚੋਂ ਗੌਰਵ ਕੁਮਾਰ ਨੇ ਕਿਹਾ, 'ਸਾਡੇ ਏਜੰਟ ਨੇ ਸਾਨੂੰ ਜੰਗਲ 'ਚ ਛੱਡ ਦਿੱਤਾ। ਜੰਗਲ ਵਿਚ ਅਸੀਂ ਦੋ ਹਫ਼ਤੇ ਤਕ ਚੱਲਦੇ ਰਹੇ, ਇਸ ਤੋਂ ਬਾਅਦ ਸਾਨੂੰ ਮੈਕਸੀਕੋ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿਰਫ਼ ਭਾਰਤੀ ਨਾਗਰਿਕਾਂ ਨੂੰ ਭੇਜਿਆ ਗਿਆ ਹੈ ਜਦਕਿ ਸ੍ਰੀਲੰਕਾ, ਨੇਪਾਲ ਤੇ ਕੈਮਰਨ ਦੇ ਲੋਕ ਹਾਲੇ ਵੀ ਉੱਥੇ ਹਨ। ਮੈਂ ਜਮ਼ੀਨ ਤੇ ਸੋਨੇ ਦੇ ਗਹਿਣੇ ਵੇਚ ਕੇ 18 ਲੱਖ ਰੁਪਏ ਦੀ ਮੋਟੀ ਰਕਮ ਜਮ੍ਹਾਂ ਕੀਤੀ ਤੇ ਏਜੰਡੇ ਨੂੰ ਦਿੱਤੀ।'

ਬੋਇੰਗ 747-400 ਚਾਰਟਰ ਜਹਾਜ਼ ਜ਼ਰੀਏ ਸਾਰੇ ਭਾਰਤੀ ਨਾਗਰਿਕ ਮੈਕਸੀਕੋ ਤੋਂ ਨਵੀਂ ਦਿੱਲੀ ਸਥਿਤ ਇੰਦਰਾ ਗਾਂਧੀ ਏਅਰਪੋਰਟ (IGI Airport) ਪਹੁੰਚੇ। ਇਨ੍ਹਾਂ ਵਿਚ ਇਕ ਔਰਤ ਵੀ ਹੈ। ਇਨ੍ਹਾਂ ਨੂੰ ਮੈਕਸੀਕੋ ਦੇ ਓਕਸਾਕਾ, ਬਾਜਾ ਕੈਲੀਫੋਰਨੀਆ, ਵੇਰਾਕਰੂਜ਼, ਚਿਆਪਾਸ, ਸੋਨੋਰਾ, ਮੈਕਸੀਕੋ ਸਿਟੀ, ਡੁਰਾਂਗੋ ਤੇ ਤਬਾਸਕੋ ਸੂਬਿਆਂ ਤੋਂ ਚੁਣ ਕੇ ਭਾਰਤ ਭੇਜਿਆ ਗਿਆਹੈ। ਮੈਕਸੀਕੋ ਦੀ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ ਦਾ ਕਹਿਣਾ ਹੈ ਕਿ ਨਾਜਾਇਜ਼ ਤਰੀਕੇ ਨਾਲ ਇੱਥੇ ਰਹਿ ਰਹੇ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਹੈ। ਹਾਲਾਂਕਿ ਬੀਤੇ ਕੱਲ੍ਹ ਮੈਕਸੀਕੋ ਵੱਲੋਂ ਦਿੱਲੀ ਭੇਜੇ ਜਾਣ ਵਾਲੇ ਨਾਗਰਿਕਾਂ ਦੀ ਗਿਣਤੀ 311 ਹੀ ਦੱਸੀ ਗਈ ਸੀ।

Posted By: Seema Anand