ਢਾਕਾ (ਆਈਏਐੱਨਐੱਸ) : ਬੰਗਲਾਦੇਸ਼ ਨੇ ਆਪਣੀ ਸਰਕਾਰ ਅਤੇ ਭਾਰਤ ਖ਼ਿਲਾਫ਼ ਕੰਮ ਕਰਨ ਵਾਲੇ ਪਾਕਿਸਤਾਨੀ ਸਮੱਰਥਕਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਜਿਹੇ 35 ਲੋਕਾਂ ਦੀ ਪਛਾਣ ਕੀਤੀ ਹੈ ਅਤੇ ਹੁਣ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।

ਸਰਕਾਰ ਦੇ ਨਿਸ਼ਾਨੇ 'ਤੇ ਆਉਣ ਵਾਲਿਆਂ ਵਿਚ ਭਾਰਤ ਖ਼ਿਲਾਫ਼ ਜ਼ਹਿਰ ਉਗਲਣ ਵਾਲਾ ਅਤੇ ਪਾਕਿਸਤਾਨ ਸਮੱਰਥਕ ਸੇਵਾਮੁਕਤ ਮੇਜਰ ਦਿਲਾਵਰ ਹੁਸੈਨ, ਬੀਐੱਨਪੀ-ਜਮਾਤ ਨੇਤਾ ਕਨਕ ਸਰਵਰ, ਇਲਿਆਸ ਹੁਸੈਨ ਸਮੇਤ ਕਈ ਲੋਕ ਹਨ। ਇਹ ਸਾਰੇ ਇੰਟਰਨੈੱਟ ਮੀਡੀਆ 'ਤੇ ਨਫ਼ਰਤ ਫੈਲਾਉਣ, ਭਾਰਤ ਵਿਰੋਧੀ ਪ੍ਰਚਾਰ ਕਰਨ ਦਾ ਕੰਮ ਕਰਦੇ ਹਨ। ਇਹ ਆਪਣੇ ਪ੍ਰਚਾਰ ਯੁੱਧ ਨਾਲ ਬੰਗਲਾਦੇਸ਼ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਸਰਕਾਰ ਨੂੰ ਇਹ ਸ਼ੱਕ ਹੈ ਕਿ ਇਨ੍ਹਾਂ ਦੀ ਫੰਡਿੰਗ ਪਾਕਿਸਤਾਨ ਤੋਂ ਕੀਤੀ ਜਾ ਰਹੀ ਹੈ।

ਬੰਗਲਾਦੇਸ਼ ਫਾਇਨੈਂਸ਼ੀਅਲ ਇੰਟੈਲੀਜੈਂਸ ਯੂਨਿਟ (ਬੀਐੱਫਆਈਯੂ) ਦੇ ਮੁਖੀ ਅਬੂ ਮੁਹੰਮਦ ਰਾਜੀ ਹਸਨ ਨੇ ਦੱਸਿਆ ਕਿ ਦਿਲਾਵਰ ਹੁਸੈਨ ਸਮੇਤ ਸਾਰੇ ਚਿੰਨਿ੍ਹਤ ਕੀਤੇ ਗਏ ਲੋਕਾਂ ਦੇ ਬੈਂਕ ਅਕਾਊਂਟ ਦੀ ਪੂਰੀ ਜਾਣਕਾਰੀ ਮੰਗੀ ਗਈ ਹੈ। ਧਨ ਦੇ ਆਉਣ ਅਤੇ ਜਾਣ ਦੇ ਸਰੋਤ ਪਤਾ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਬੰਗਲਾਦੇਸ਼ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਡਾਇਰੈਕਟੋਰੇਟ (ਆਈਐੱਸਪੀਆਰ) ਨੇ ਹਾਲ ਹੀ ਵਿਚ ਫ਼ੌਜ ਨਾਲ ਜੁੜੇ ਕੁਝ ਸੇਵਾਮੁਕਤ ਲੋਕਾਂ ਦੇ ਇੰਟਰਨੈੱਟ ਮੀਡੀਆ 'ਤੇ ਨਿਰੰਤਰ ਨਫ਼ਰਤ ਫੈਲਾਉਣ ਅਤੇ ਦੇਸ਼ ਵਿਰੋਧੀ ਗੱਲਾਂ ਦਾ ਪ੍ਰਚਾਰ ਕਰਨ ਦੇ ਮਾਮਲਿਆਂ ਦਾ ਪਤਾ ਕੀਤਾ ਸੀ। ਉਸ ਪਿੱਛੋਂ ਹੀ ਜਾਂਚ ਸ਼ੁਰੂ ਕੀਤੀ ਗਈ ਹੈ।

ਕੱਟੜਪੰਥੀਆਂ ਦੇ ਹਿੰਦੂ ਵਿਰੋਧੀ ਸੁਰ

ਬੰਗਲਾਦੇਸ਼ ਦੇ ਇਸਲਾਮਿਕ ਕੱਟੜਪੰਥੀਆਂ ਦੀ ਹਿੰਦੂ ਵਿਰੋਧੀ ਮੁਹਿੰਮ ਚੱਲ ਰਹੀ ਹੈ। ਇੱਥੇ ਪਿਛਲੇ ਦਿਨੀਂ ਹਿੰਦੂਆਂ ਨਾਲ ਹੋਈਆਂ ਵਾਰਦਾਤਾਂ ਪਿੱਛੋਂ ਹੁਣ ਕੱਟੜਪੰਥੀ ਇਸਲਾਮਿਕ ਗਰੁੱਪ ਹਿਫ਼ਾਜ਼ਤ-ਏ-ਇਸਲਾਮ ਦੇ ਨਵੇਂ ਮੁਖੀ ਜੁਨੈਦ ਬਾਬੂਨਾਗਰੀ ਨੇ ਬਿਆਨ ਦਿੱਤਾ ਹੈ ਕਿ ਦੇਸ਼ ਵਿਚ ਸਾਰੀਆਂ ਮੂਰਤੀਆਂ ਨੂੰ ਡੇਗ ਦੇਣਾ ਚਾਹੀਦਾ ਹੈ। ਇਕ ਪ੍ਰਰੋਗਰਾਮ ਵਿਚ ਕੱਟੜਪੰਥੀ ਨੇਤਾ ਨੇ ਸਰਕਾਰ ਤੋਂ ਚਾਰ ਮੰਗਾਂ ਕੀਤੀਆਂ ਹਨ। ਬੰਗਲਾਦੇਸ਼ ਵਿਚ ਇਸਕਾਨ ਦੀਆਂ ਸਰਗਰਮੀਆਂ ਨੂੰ ਰੋਕਿਆ ਜਾਵੇ। ਅਹਿਮਦੀਆ ਮੁਸਲਮਾਨਾਂ ਨੂੰ ਗ਼ੈਰ-ਮੁਸਲਿਮ ਐਲਾਨ ਕੀਤਾ ਜਾਵੇ। ਫਰਾਂਸ ਦੇ ਦੂਤਘਰ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਸੰਸਦ ਵਿਚ ਫਰਾਂਸ ਖ਼ਿਲਾਫ਼ ਪ੍ਰਸਤਾਵ ਪਾਸ ਕੀਤਾ ਜਾਵੇ।