ਕਾਬੁਲ (ਆਈਏਐੱਨਐੱਸ) : ਅੱਤਵਾਦ ਖ਼ਿਲਾਫ਼ ਜੰਗ 'ਚ ਅਫ਼ਗਾਨਿਸਤਾਨ ਸਰਕਾਰ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸੁਰੱਖਿਆ ਦਸਤਿਆਂ ਦੇ ਵੱਧਦੇ ਦਬਾਅ ਕਾਰਨ ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੇ 241 ਦਹਿਸ਼ਤਗਰਦਾਂ ਨੇ ਨਾਂਗਰਹਾਰ ਸੂਬੇ 'ਚ ਅਧਿਕਾਰੀਆਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਸ਼ਨਿਚਰਵਾਰ ਨੂੰ ਅਫ਼ਗਾਨ ਫ਼ੌਜ ਵੱਲੋਂ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਸਰੰਡਰ ਕਰਨ ਵਾਲੇ ਆਈਐੱਸ ਦੇ ਅੱਤਵਾਦੀਆਂ 'ਚ 71 ਮਰਦ, 63 ਔਰਤਾਂ ਤੇ 107 ਬੱਚੇ ਸ਼ਾਮਲ ਹਨ। ਸਾਰਿਆਂ ਨੇ ਅਚਿਨ ਤੇ ਮੋਹਮਨਦਾਰਾ ਜ਼ਿਲ੍ਹੇ ਦੇ ਸਥਾਨਕ ਅਧਿਕਾਰੀਆਂ ਦੇ ਸਾਹਮਣੇ ਆਤਮ ਸਮਰਪਣ ਕੀਤਾ। ਅਧਿਕਾਰੀਆਂ ਮੁਤਾਬਕ ਪੱਛਮੀ ਅਫ਼ਗਾਨਿਸਤਾਨ 'ਚ ਪਿਛਲੇ ਕੁਝ ਸਾਲਾਂ 'ਚ ਆਤਮ ਸਮਰਪਣ ਕਰਨ ਵਾਲੇ ਅੱਤਵਾਦੀਆਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ।