ਕਾਬੁਲ (ਏਪੀ) : ਅਫ਼ਗਾਨਿਸਤਾਨ ਦੇ ਕੇਂਦਰੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਵੀਰਵਾਰ ਨੂੰ ਆਏ ਬਰਫ਼ੀਲੇ ਤੂਫ਼ਾਨ ਨਾਲ 21 ਲੋਕਾਂ ਦੀ ਮੌਤ ਹੋ ਗਈ। ਆਫ਼ਤ ਪ੍ਰਬੰਧਨ ਮੰਤਰਾਲੇ ਦੇ ਬੁਲਾਰੇ ਅਹਿਮਦ ਤਾਮੀਮ ਅਜ਼ੀਮੀ ਨੇ ਦੱਸਿਆ ਕਿ ਡੇਕੁੰਡੀ ਸੂਬੇ 'ਚ ਆਏ ਤੂਫ਼ਾਨ ਕਾਰਨ ਸੱਤ ਲੋਕ ਅਜੇ ਤਕ ਲਾਪਤਾ ਹਨ ਜਦਕਿ 10 ਹੋਰ ਜ਼ਖ਼ਮੀ ਹੋ ਗਏ।

ਅਜ਼ੀਮੀ ਨੇ ਦੱਸਿਆ ਕਿ ਮਾਰੇ ਗਏ 21 ਲੋਕ ਦੋ ਪਰਿਵਾਰਾਂ ਦੇ ਹਨ। ਉਨ੍ਹਾਂ ਦੱਸਿਆ ਕਿ ਬਰਫ਼ੀਲੇ ਤੂਫ਼ਾਨ ਕਾਰਨ 50 ਘਰ ਤਬਾਹ ਹੋ ਗਏ। ਉਨ੍ਹਾਂ ਦੱਸਿਆ ਕਿ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਬਰਫ਼ਬਾਰੀ ਕਾਰਨ ਸਾਰੇ ਰਸਤੇ ਬੰਦ ਹੋ ਗਏ ਹਨ ਤੇ ਰਾਹਤ ਕਾਰਜਾਂ 'ਚ ਰੁਕਾਵਟ ਪੈਣ ਕਾਰਨ ਮੌਤਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ। ਅਜ਼ੀਮੀ ਨੇ ਦੱਸਿਆ ਕਿ ਇਸ ਸਾਲ ਸਰਦੀ ਦੇ ਮੌਸਮ ਦੌਰਾਨ ਭਾਰੀ ਬਰਫ਼ਬਾਰੀ ਕਾਰਨ ਹੁਣ ਤਕ 2,400 ਘਰ ਤਬਾਹ ਹੋ ਚੁੱਕੇ ਹਨ।