ਕਾਠਮੰਡੂ (ਏਐੱਨਆਈ) : ਭਾਰਤ ਅਤੇ ਨੇਪਾਲ ਵਿਚਕਾਰ ਕੁਝ ਮੁੱਦਿਆਂ 'ਤੇ ਹੋਏ ਤਣਾਅ ਪਿੱਛੋਂ ਤੇਜ਼ੀ ਨਾਲ ਸਾਧਾਰਨ ਹੁੰਦੇ ਸਬੰਧਾਂ ਨੇ ਚੀਨ ਨੂੰ ਬੇਚੈਨ ਕਰ ਦਿੱਤਾ ਹੈ। ਭਾਰਤ ਦੇ ਵਿਦੇਸ਼ ਸਕੱਤਰ ਦੇ ਦੌਰੇ ਦੇ ਤੁਰੰਤ ਪਿੱਛੋਂ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਘੇ ਦਾ ਇਕ ਰੋਜ਼ਾ ਦੌਰਾ ਐਤਵਾਰ ਨੂੰ ਹੋਵੇਗਾ। ਚੀਨੀ ਰੱਖਿਆ ਮੰਤਰੀ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਅਤੇ ਫ਼ੌਜ ਮੁਖੀ ਪੂਰਨ ਚੰਦ ਥਾਪਾ ਨਾਲ ਮੁਲਾਕਾਤ ਕਰਨਗੇ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਚੀਨੀ ਰੱਖਿਆ ਮੰਤਰੀ ਦੇ ਦੌਰੇ ਦੀ ਪੁਸ਼ਟੀ ਕੀਤੀ ਹੈ। ਇਕ ਦਿਨ ਪਹਿਲੇ ਹੀ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿ੍ੰਗਲਾ ਦਾ ਦੋ ਰੋਜ਼ਾ ਦੌਰਾ ਖ਼ਤਮ ਹੋਇਆ ਹੈ। ਆਪਣੀ ਯਾਤਰਾ ਦੌਰਾਨ ਉਹ ਨੇਪਾਲ ਦੀ ਰਾਸ਼ਟਰਪਤੀ ਵਿਦਿਆ ਰਾਣੀ ਭੰਡਾਰੀ ਨਾਲ ਵੀ ਮੁਲਾਕਾਤ ਕਰਨਗੇ।

ਵਿਦੇਸ਼ੀ ਮਾਮਲਿਆਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਦੀ ਨੇਪਾਲ 'ਤੇ ਬਰਾਬਰ ਨਜ਼ਰ ਬਣੀ ਹੋਈ ਹੈ। ਚੀਨ ਹੁਣ ਨੇਪਾਲ ਦੀ ਅੰਦਰੂਨੀ ਰਾਜਨੀਤੀ ਅਤੇ ਉਸ ਨਾਲ ਜੁੜੀਆਂ ਹਰ ਘਟਨਾਵਾਂ ਵਿਚ ਦਖ਼ਲ ਦੇ ਰਿਹਾ ਹੈ। ਇਸ ਲਈ ਚੀਨੀ ਰਾਜਦੂਤ ਦੀ ਨਿਰੰਤਰ ਸਰਗਰਮੀ ਬਣੀ ਰਹਿੰਦੀ ਹੈ।