ਕਾਕਸ ਬਾਜ਼ਾਰ (ਏਐੱਫਪੀ) : ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਸਥਿਤ ਸ਼ਰਨਾਰਥੀ ਕੈਂਪਾਂ ਵਿਚ ਰਹਿਣ ਵਾਲੇ ਰੋਹਿੰਗਿਆ ਮੁਸਲਮਾਨਾਂ ਨਾਲ ਭਰੀ ਇਕ ਕਿਸ਼ਤੀ ਮੰਗਲਵਾਰ ਸਵੇਰੇ ਬੰਗਾਲ ਦੀ ਖਾੜੀ 'ਚ ਡੁੱਬ ਗਈ। ਇਸ ਹਾਦਸੇ ਵਿਚ 16 ਲੋਕਾਂ ਦੀ ਮੌਤ ਹੋ ਗਈ। ਬੰਗਲਾਦੇਸ਼ ਦੇ ਕੋਸਟ ਗਾਰਡ ਦੇ ਬੁਲਾਰੇ ਹਮੀਦੁਲ ਇਸਲਾਮ ਅਨੁਸਾਰ ਮਲੇਸ਼ੀਆ ਜਾ ਰਹੀ ਮੱਛੀਆਂ ਫੜਨ ਵਾਲੀ ਕਿਸ਼ਤੀ 'ਚ ਕਰੀਬ 130 ਲੋਕ ਸਵਾਰ ਸਨ। ਰਾਹਤ ਅਤੇ ਬਚਾਅ ਮੁਹਿੰਮ ਤਹਿਤ 70 ਲੋਕਾਂ ਨੂੰ ਬਚਾ ਲਿਆ ਗਿਆ। ਬਾਕੀ ਦੀ ਭਾਲ ਜਾਰੀ ਹੈ।

ਸਾਲ 2017 'ਚ ਮਿਆਂਮਾਰ ਦੇ ਰਖਾਈਨ ਸੂਬੇ ਵਿਚ ਫ਼ੌਜ ਦੀ ਕਾਰਵਾਈ ਪਿੱਛੋਂ ਸੱਤ ਲੱਖ ਤੋਂ ਜ਼ਿਆਦਾ ਰੋਹਿੰਗਿਆ ਮੁਸਲਮਾਨਾਂ ਨੇ ਬੰਗਲਾਦੇਸ਼ ਵਿਚ ਸ਼ਰਨ ਲਈ ਸੀ। ਕਾਕਸ ਬਾਜ਼ਾਰ ਦੇ ਸ਼ਰਨਾਰਥੀ ਕੈਂਪਾਂ ਵਿਚ ਰਹਿਣ ਵਾਲੇ ਇਹ ਰੋਹਿੰਗਿਆ ਨਾਜਾਇਜ਼ ਤੌਰ 'ਤੇ ਗੁਆਂਢੀ ਦੇਸ਼ਾਂ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਮਨੁੱਖੀ ਸਮੱਗਲਰਾਂ ਦੀ ਮਦਦ ਨਾਲ ਦੂਜੇ ਦੇਸ਼ ਜਾਣ ਦੇ ਚੱਕਰ ਵਿਚ ਇਹ ਲੋਕ ਅਕਸਰ ਸਮੁੰਦਰ ਵਿਚ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।