ਕਾਠਮੰਡੂ, ਏਜੰਸੀ : ਕੋਰੋਨਾ ਪਸਾਰ ਨੂੰ ਰੋਕਣ ਲਈ ਨੇਪਾਲ ਨੇ ਬਾਂਕੇ ਜ਼ਿਲੇ ਵਿਚ ਤਾਲਾਬੰਦੀ ਕਰ ਦਿੱਤੀ ਹੈ। ਸਥਾਨਕ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਨੇਪਾਲਗੰਜ ਉਪ-ਮਹਾਂਨਗਰ ਦੇ ਅੰਦਰ ਆਵਾਜਾਈ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੇ 15 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਨੇਪਾਲਗੰਜ ਸ਼ਹਿਰ ਵਿਚ ਮੁਕੰਮਲ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ। ਮੁੱਖ ਜ਼ਿਲ੍ਹਾ ਅਧਿਕਾਰੀ ਕੁਮਾਰ ਬਹਾਦਰ ਖੜਕਾ ਨੇ ਫੋਨ ’ਤੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਾਰੀਆਂ ਕਾਰੋਬਾਰੀ ਗਤੀਵਿਧੀਆਂ ‘ਤੇ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀ ਜ਼ਿਲ੍ਹੇ ਵਿਚ ਤਿੰਨ ਦਿਨਾਂ ਲਈ ਲਾਗੂ ਰਹੇਗੀ। ਖੜਕਾ ਨੇ ਕਿਹਾ ਕਿ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਨੇਪਾਲ ਵਿੱਚ ਹਾਲੇ ਤੱਕ ਕੋਰੋਨਾ ਕਾਰਨ ਕਿਸੇ ਦੀ ਮੌਤ ਨਹੀਂ ਹੋਈ

ਕੋਰੋਨਾ ਵਾਇਰਸ ਨੇਪਾਲ ਵਿੱਚ ਵੀ ਦਾਖਲ ਹੋ ਗਿਆ ਹੈ। ਨੇਪਾਲੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਨੇਪਾਲ ਵਿਚ 48 ਲੋਕ ਕੋਰੋਨਾ ਵਾਇਰਸ ਦੀ ਲਾਗ ਵਾਲੇ ਹਨ। ਨੇਪਾਲ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਇੱਕ 81 ਸਾਲਾ ਔਰਤ ਦਾ ਸੀ। ਇਹ ਸੰਕਰਮਿਤ ਔਰਤ ਬ੍ਰਿਟੇਨ ਤੋਂ ਵਾਪਸ ਆਈ ਸੀ। ਔਰਤ ਦਾ 58 ਸਾਲਾ ਬੇਟਾ ਵੀ ਕੋਰੋਨਾ ਦੀ ਲਾਗ ਤੋਂ ਪੀਡ਼ਤ ਪਾਇਆ ਗਿਆ ਸੀ। ਹਾਲਾਂਕਿ, ਰਾਹਤ ਇਹ ਰਹੀ ਕਿ ਦੋਵੇਂ ਇਲਾਜ ਤੋਂ ਬਾਅਦ ਠੀਕ ਹੋ ਗਏ ਸਨ। ਕੋਰੋਨਾ ਦੇ ਜ਼ਿਆਦਾਤਰ ਮਾਮਲੇ ਪੂਰਬੀ ਨੇਪਾਲ ਵਿੱਚ ਹਨ। ਸਭ ਤੋਂ ਵੱਧ ਕੋਰੋਨਾ ਦੇ ਮਰੀਜ਼ ਨੇਪਾਲ ਦੇ ਉਦੈਪੁਰ ਜ਼ਿਲ੍ਹੇ ਵਿੱਚ ਪਾਏ ਗਏ ਹਨ। ਇਹ ਜ਼ਿਲ੍ਹਾ ਨੇਪਾਲ ਵਿਚ ਕੋਰੋਨਾ ਦਾ ਹਾਟਸਪਾਟ ਹੈ। ਉਦੈਪੁਰ ਜ਼ਿਲ੍ਹੇ ਵਿਚ, ਬਹੁਤ ਸਾਰੇ ਭਾਰਤੀ ਨਾਗਰਿਕ ਵੀ ਪੀਡ਼ਤ ਪਾਏ ਗਏ ਲੋਕਾਂ ਵਿੱਚ ਸ਼ਾਮਲ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਮਸਜਿਦ ਵਿੱਚ ਹੀ ਠਹਿਰੇ ਹੋਏ ਸਨ। ਨੇਪਾਲ ਲਈ ਰਾਹਤ ਇਹ ਹੈ ਕਿ ਹਾਲੇ ਤੱਕ ਕੋਰੋਨਾ ਕਾਰਨ ਕਿਸੇ ਦੀ ਮੌਤ ਨਹੀਂ ਹੋਈ ਹੈ। 10 ਲੋਕ ਠੀਕ ਹੋ ਗਏ ਹਨ ਅਤੇ ਇਲਾਜ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਗਏ ਹਨ।

Posted By: Sunil Thapa