ਕਾਬੁਲ (ਏਜੰਸੀਆਂ) : ਵਿਦੇਸ਼ੀ ਫ਼ੌਜਾਂ ਦੀ ਵਾਪਸੀ ਤੋਂ ਪਹਿਲਾਂ ਹੀ ਅਫ਼ਗਾਨਿਸਤਾਨ 'ਚ ਤਾਬੜਤੋੜ ਹਿੰਸਾ ਦੀਆਂ ਵਾਰਦਾਤਾਂ ਨੇ ਅੱਤਵਾਦੀਆਂ ਦੇ ਇਰਾਦੇ ਸਾਫ਼ ਕਰ ਦਿੱਤੇ ਹਨ। ਪਿਛਲੇ 24 ਘੰਟਿਆਂ ਦੌਰਾਨ ਹੀ ਤਾਲਿਬਾਨ ਨੇ ਅੱਤਵਾਦੀਆਂ ਨੇ 141 ਵੱਖ-ਵੱਖ ਥਾਵਾਂ 'ਤੇ ਹਮਲਿਆਂ ਨੂੰ ਅੰਜਾਮ ਦਿੱਤਾ।

ਤਾਲਿਬਾਨ ਹੁਣ ਤੋਂ ਹੀ ਆਪਣੇ ਟਿਕਾਣਿਆਂ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਹਮਲਿਆਂ ਦੀ ਗਿਣਤੀ ਵਧਾ ਰਹੇ ਹਨ। ਇਹ ਹਮਲੇ ਜ਼ਿਆਦਾਤਰ ਉਰੁਜਗਨ, ਜਾਬੁਲ, ਕੰਧਾਰ, ਨਾਨਗਰਹਰ, ਬਦਖਸ਼ਾਨ ਤੇ ਤਾਖਰ ਖੇਤਰ ਹੋ ਰਹੇ ਹਨ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਤਾਲਿਬਾਨ ਦੇ ਹਮਲਿਆਂ ਦਾ ਸੁਰੱਖਿਆ ਬਲ ਵੀ ਮੁਸਤੈਦੀ ਨਾਲ ਜਵਾਬ ਦੇ ਰਹੇ ਹਨ। ਸਰਕਾਰ ਨੇ ਦਾਅਵਾ ਕੀਤਾ ਕਿ ਪਿਛਲੇ 24 ਘੰਟਿਆਂ ਦੌਰਾਨ 100 ਤੋਂ ਵੱਧ ਤਾਲਿਬਾਨ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਤਾਲਿਬਾਨ ਨੇ ਇਸ ਗਿਣਤੀ ਨੂੰ ਗ਼ਲਤ ਦੱਸਿਆ ਹੈ।

ਅਫ਼ਗਾਨੀ ਮੀਡੀਆ ਮੁਤਾਬਕ ਪਿਛਲੇ 24 ਘੰਟਿਆਂ 'ਚ 157 ਸੁਰੱਖਿਆ ਬਲਾਂ ਸਮੇਤ 226 ਲੋਕਾਂ ਦੀ ਮੌਤ ਹੋ ਗਈ ਹੈ। ਤੀਹ ਦਿਨ ਦੇ ਅੰਦਰ 438 ਸੁਰੱਖਿਆ ਬਲ ਤੇ ਨਾਗਰਿਕ ਮਾਰੇ ਗਏ ਹਨ। ਕਰੀਬ ਪੰਜ ਸੌ ਲੋਕ ਜ਼ਖ਼ਮੀ ਹੋਏ ਹਨ। 190 ਥਾਵਾਂ 'ਤੇ ਬੰਬਾਰੀ ਦੀਆਂ ਘਟਨਾਵਾਂ ਹੋਈਆਂ ਹਨ।

ਤਾਲਿਬਾਨ ਨੇ ਅਮਰੀਕੀ ਫ਼ੌਜ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਤੋਂ ਹੀ ਹਿੰਸਾ ਦੀਆਂ ਵਾਰਦਾਤਾਂ ਤੇਜ਼ ਕਰ ਦਿੱਤੀਆਂ ਹਨ।

ਰੱਖਿਆ ਮੰਤਰਾਲੇ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਹੇਲਮੰਦ ਦੇ ਵਾਸ਼ਿਰ ਜ਼ਿਲ੍ਹੇ ਦੇ ਕੈਂਪ ਐਂਟੋਨਿਕ ਨੂੰ ਵਿਦੇਸ਼ੀ ਫ਼ੌਜਾਂ ਨੇ ਅਫ਼ਗਾਨ ਫ਼ੌਜ ਨੂੰ ਸੌਂਪ ਦਿੱਤਾ ਹੈ। ਇੱਥੇ ਅਫ਼ਗਾਨ ਸਪੈਸ਼ਲ ਫੋਰਸ ਦਾ ਬੇਸ ਕੈਂਪ ਬਣਾਇਆ ਜਾਵੇਗਾ।