ਹਾਂਗਕਾਂਗ (ਏਜੰਸੀ) : ਹਾਂਗਕਾਂਗ 'ਚ ਐਤਵਾਰ ਨੂੰ ਜੁਲੂਸ ਕੱਢਣ ਤੇ ਰੈਲੀ ਲਈ ਇਕੱਠੇ ਹੋਏ ਲੋਕ ਤੰਤਰ ਸਮਰਥਕਾਂ ਤੇ ਪੁਲਿਸ ਵਿਚਕਾਰ ਟਕਰਾਅ ਨਾਲ ਜ਼ਬਰਦਸਤ ਹਿੰਸਾ ਹੋਈ। ਪੁਲਿਸ ਨੇ ਹਿੰਸਾ ਦੇ ਖ਼ਦਸ਼ੇ ਕਾਰਨ ਜੁਲੂਸ ਤੇ ਰੈਲੀ 'ਤੇ ਰੋਕ ਲਗਾ ਦਿੱਤੀ ਸੀ ਪਰ ਅੰਦੋਲਨਕਾਰੀ ਆਪਣੇ ਵਿਰੋਧ ਮੁਜ਼ਾਹਰੇ ਦੇ ਫ਼ੈਸਲੇ 'ਤੇ ਡਟੇ ਹੋਏ ਸਨ। ਸਿਮ ਸ਼ਾ ਸੁਈ ਦੇ ਸੰਘਣੇ ਕਾਰੋਬਾਰੀ ਇਲਾਕੇ ਤੋਂ ਜਿਵੇਂ ਹੀ ਜੁਲੂਸ ਸ਼ੁਰੂ ਹੋਇਆ, ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ ਕੀਤੀ। ਥੋੜ੍ਹੀ ਦੇਰ ਦੀ ਹੱਥੋਪਾਈ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਡਾਂਗਾਂ, ਅੱਥਰੂ ਗੈਸ ਦੇ ਗੋਲ਼ੇ, ਪੱਥਰ ਤੇ ਪੈਟਰੋਲ ਬੰਬ ਚੱਲਣ ਲੱਗੇ।

ਸ਼ੁਰੂਆਤੀ ਰੋਕ-ਟੋਕ ਤੋਂ ਬਾਅਦ ਜਦੋਂ ਪੁਲਿਸ ਨੇ ਦੋ ਪ੍ਰਮੱਖ ਅੰਦੋਲਨਕਾਰੀਆਂ ਦੀ ਮਾਰਕੁਟਾਈ ਕੀਤੀ ਤਾਂ ਹਾਲਾਤ ਵਿਗੜ ਗਏ। ਭੜਕੇ ਅੰਦੋਲਨਕਾਰੀਆਂ ਨੇ ਪੁਲਿਸ 'ਤੇ ਪੱਥਰ ਤੇ ਪੈਟਰੋਲ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ। ਆਲੇ ਦੁਆਲੇ ਦੀਆਂ ਸਰਕਾਰੀ ਜਾਇਦਾਦਾਂ ਤੇ ਚੀਨੀ ਕੰਪਨੀਆਂ-ਬੈਂਕਾਂ ਨੂੰ ਵੀ ਨੁਕਸਾਨ ਪੁੱਜਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਭੀੜ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ। ਪਹਿਲਾਂ ਲਾਠੀਚਾਰਜ ਨਾਲ ਰੰਗੀਨ ਪਾਣੀ ਦੀ ਵਾਛੜ ਕੀਤੀ ਗਈ, ਜਦੋਂ ਇਸ ਨਾਲ ਅੰਦੋਲਨਕਾਰੀਆਂ ਨੂੰ ਹਟਾਉਣ 'ਚ ਪੁਲਿਸ ਨੂੰ ਕਾਮਯਾਬੀ ਨਾ ਮਿਲੀ ਤਾਂ ਫਿਰ ਅੱਥਰੂ ਗੈਸ ਦੇ ਗੋਲ਼ੇ ਛੱਡੇ ਗਏ। ਟਕਰਾਅ 'ਚ ਦਰਜਨਾਂ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਚਾਰ ਮਹੀਨੇ ਤੋਂ ਵੱਧ ਸਮੇਂ 'ਚ ਚੱਲ ਰਹੇ ਅੰਦੋਲਨ ਨੂੰ ਕਾਬੂ 'ਚ ਨਾ ਕਰ ਸਕਣ ਕਾਰਨ ਪੁਲਿਸ ਤੇ ਪ੍ਰਸ਼ਾਸਨ ਦੀ ਭੂਮਿਕਾ 'ਤੇ ਸਵਾਲ ਉੱਠਣ ਲੱਗੇ ਹਨ।

ਅੰਦੋਲਨ 'ਚ ਚਾਰ ਮਹੀਨਿਆਂ ਦੌਰਾਨ ਹਫ਼ਤੇ ਦੇ ਅਖੀਰ 'ਚ ਹੋਣ ਵਾਲੇ ਮੁਜ਼ਾਹਰਿਆਂ 'ਚ ਲੱਖਾਂ ਲੋਕਾਂ ਦੀ ਭੀੜ ਇਕੱਠੀ ਹੁੰਦੀ ਰਹੀ ਹੈ। ਮੁਜ਼ਾਹਰੇ ਦੀ ਸ਼ੁਰੂਆਤ ਸ਼ਾਂਤੀਪੂਰਨ ਢੰਗ ਨਾਲ ਹੁੰਦੀ ਰਹੀ ਹੈ ਪਰ ਕੁਝ ਦੇਰ ਬਾਅਦ ਉਸ 'ਤੇ ਕੱਟੜਪੰਥੀ ਤਬਕਾ ਹਾਵੀ ਹੋ ਜਾਂਦਾ ਹੈ। ਇਸ ਤੋਂ ਬਾਅਦ ਭੰਨ-ਤੋੜ 'ਤੇ ਪੁਲਿਸ ਨਾਲ ਟਕਰਾਅ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਮੁਜ਼ਾਹਰਿਆਂ 'ਚ ਹਜ਼ਾਰਾਂ ਲੋਕ ਜ਼ਖ਼ਮੀ ਹੋ ਚੁੱਕੇ ਹਨ ਤੇ ਅਰਬਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋ ਚੁੱਕਿਆ ਹੈ। ਨਾਲ ਹੀ ਹਾਂਗਕਾਂਗ ਦੀ ਪ੍ਰਮੁਖ ਕਾਰੋਬਾਰੀ ਕੇਂਦਰ ਦੀ ਪਛਾਣ ਨੂੰ ਵੀ ਨੁਕਸਾਨ ਪੁੱਜਿਆ ਹੈ। ਕੰਪਨੀਆਂ ਨੇ ਅੰਦੋਲਨ ਕਾਰਨ ਆਪਣੇ ਵਿਸਥਾਰ ਦੀਆਂ ਯੋਜਨਾਵਾਂ ਫਿਲਹਾਲ ਮੁਲਤਵੀ ਕਰ ਦਿੱਤੀਆਂ ਹਨ ਤੇ ਉਹ ਸ਼ਾਂਤੀ ਸਥਾਪਿਤ ਹੋਣ ਦੀ ਉਡੀਕ ਕਰ ਰਹੀਆਂ ਹਨ। ਅਸ਼ਾਂਤੀ ਤੇ ਅਰਾਜਕਤਾ ਕਾਰਨ ਇੰਟਰਨੈਸ਼ਨ ਕਾਰ ਰੇਸ ਤੇ ਹੋਰਸ ਰੇਸ ਵੀ ਹਾਂਗਕਾਂਗ 'ਚ ਰੱਦ ਕਰ ਦਿੱਤੇ ਗਏ ਹਨ।