ਸਾਨ ਫਰਾਂਸਿਸਕੋ (ਏਐੱਫਪੀ) : ਅਮਰੀਕਾ, ਬਰਤਾਨੀਆ ਤੇ ਆਸਟ੍ਰੇਲੀਆ ਨੇ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੂੰ ਕਿਹਾ ਹੈ ਕਿ ਉਹ ਆਪਣੇ ਪਲੇਟਫਾਰਮ 'ਤੇ ਜਾਰੀ ਹੋਣ ਵਾਲੇ ਮੈਸੇਜ ਦੀ ਭਾਸ਼ਾ ਅਜਿਹੀ ਨਾ ਬਣਾਵੇ ਜਿਸ ਨਾਲ ਸੁਰੱਖਿਆ ਏਜੰਸੀਆਂ ਉਸ ਨੂੰ ਪੜ੍ਹ ਨਾ ਸਕਣ। ਫੇਸਬੁੱਕ ਮੈਸੇਜ ਦੀ ਭਾਸ਼ਾ ਨੂੰ ਪੂਰੀ ਤਰ੍ਹਾਂ ਨਾਲ ਇਨਕ੍ਰਿਪਟਿਡ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ।

ਹਾਲੀਆ ਦੇ ਸਾਲਾਂ 'ਚ ਫੇਸਬੁੱਕ ਨੂੰ ਨਿੱਜਤਾ ਦੀ ਉਲੰਘਣਾ ਨੂੰ ਲੈ ਕੇ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨੂੰ ਵੇਖਦੇ ਹੋਏ ਕੰਪਨੀ ਨੇ ਆਪਣੇ ਗਰੁੱਪ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਭੇਜੇ ਜਾਣ ਵਾਲੇ ਮੈਸੇਜ ਨੂੰ ਸੁਰੱਖਿਅਤ ਕਰਨ ਲਈ ਉਨ੍ਹਾਂ ਦੀ ਭਾਸ਼ਾ ਦੇ ਇਨਕ੍ਰਿਪਸ਼ਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਨੇ ਵ੍ਹਟਸਐਪ ਮੈਸੇਜ ਨੂੰ ਪੂਰੀ ਤਰ੍ਹਾਂ ਨਾਲ ਇਨਕ੍ਰਿਪਟਿਡ ਕਰ ਵੀ ਦਿੱਤਾ ਹੈ। ਇਨਕ੍ਰਿਪਟਿਡ ਤਹਿਤ ਮੈਸੇਜ ਦੀ ਭਾਸ਼ਾ ਨੂੰ ਕੂਟ ਸ਼ਬਦਾਂ 'ਚ ਕਰ ਦਿੱਤਾ ਜਾਂਦਾ ਹੈ, ਜਿਸ ਨੂੰ ਮੈਸੇਜ ਭੇਜਣ ਤੇ ਉਸ ਨੂੰ ਰਿਸੀਵ ਕਰਨ ਵਾਲੇ ਤੋਂ ਇਲਾਵਾ ਹੋਰ ਕੋਈ ਨਹੀਂ ਪੜ੍ਹ ਸਕਦਾ ਹੈ।

ਅਮਰੀਕਾ ਤੇ ਉਸ ਦੇ ਸਾਥੀ ਦੇਸ਼ਾਂ ਦਾ ਕਹਿਣਾ ਹੈ ਕਿ ਫੇਸਬੁੱਕ ਮੈਸੇਜ ਨੂੰ ਸੁਰੱਖਿਅਤ ਕਰਨ ਦੇ ਨਾਲ ਹੀ ਇਹ ਬਦਲ ਵੀ ਰੱਖੇ ਕਿ ਲੋੜ ਪੈਣ 'ਤੇ ਸੁਰੱਖਿਆ ਏਜੰਸੀਆਂ ਉਸ ਨੂੰ ਪੜ੍ਹ ਸਕਣ। ਅਮਰੀਕਾ ਦੇ ਅਟਾਰਨੀ ਜਨਰਲ ਵਿਲੀਅਮ ਬੱਰ, ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਤੇ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡੱਟਨ ਨੇ ਫੇਸਬੁੱਕ ਕੰਪਨੀ ਦੇ ਮੁਖੀ ਮਾਰਕ ਜ਼ੁਕਰਬਰਗ ਨੂੰ ਇਕ ਸਾਂਝਾ ਪੱਤਰ ਭੇਜਿਆ ਹੈ। ਪੱਤਰ 'ਚ ਇਨ੍ਹਾਂ ਲੋਕਾਂ ਨੇ ਕਿਹਾ ਹੈ ਕਿ ਜੇਕਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਭੇਜੇ ਜਾਣ ਵਾਲੇ ਸੰਦੇਸ਼ਾਂ ਨੂੰ ਸੁਰੱਖਿਆ ਏਜੰਸੀਆਂ ਨਹੀਂ ਪੜ੍ਹ ਸਕਣਗੀਆਂ ਤਾਂ ਉਨ੍ਹਾਂ ਦੀ ਦੁਰਵਰਤੋਂ ਹੋਣ ਦਾ ਖ਼ਤਰਾ ਹੋਵੇਗਾ। ਸੁਰੱਖਿਆ ਏਜੰਸੀਆਂ ਬਾਲ ਅਸ਼ਲੀਲਤਾ, ਅੱਤਵਾਦ ਤੇ ਹੋਰ ਅਪਰਾਧਿਕ ਘਟਨਾਵਾਂ ਦੇ ਪ੍ਰਸਾਰ ਨੂੰ ਰੋਕ ਸਕਣ 'ਚ ਅਸਮਰੱਥ ਹੋ ਜਾਣਗੀਆਂ। ਇਨ੍ਹਾਂ ਤਿੰਨਾਂ ਆਗੂਆਂ ਨੇ ਕਿਹਾ ਹੈ ਕਿ ਕੰਪਨੀ ਨੇ ਆਪਣੇ ਮਤੇ ਨਾਲ ਲੋਕਾਂ 'ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਉਨ੍ਹਾਂ ਦੀਆਂ ਗੰਭੀਰ ਚਿੰਤਾਵਾਂ ਨੂੰ ਦੂਰ ਕਰਨ ਦਾ ਵਾਅਦਾ ਨਹੀਂ ਕੀਤਾ ਹੈ।

ਫੇਸਬੁੱਕ ਨੇ ਕਿਹਾ ਹੈ ਕਿ ਉਹ ਆਪਣੇ ਪਲੇਟਫਾਰਮ ਨੂੰ ਬਹੁਤ ਜ਼ਿਆਦਾ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਉਸ ਨੇ ਇਹ ਭਰੋਸਾ ਨਹੀਂ ਦਿਵਾਇਆ ਹੈ ਕਿ ਸੁਰੱਖਿਆ ਏਜੰਸੀਆਂ ਉਸ ਦੇ ਪਲੇਟਫਾਰਮ 'ਤੇ ਭੇਜੇ ਜਾਣ ਵਾਲੇ ਮੈਸੇਜ ਨੂੰ ਵੇਖ ਜਾਂ ਪੜ੍ਹ ਸਕਣਗੀਆਂ ਜਾਂ ਨਹੀਂ।

ਫੇਸਬੁੱਕ ਦੇ ਤਰਜਮਾਨ ਨੇ ਕਿਹਾ ਕਿ ਕੰਪਨੀ ਸਰਕਾਰ ਵੱਲੋਂ ਬੈਕਡੋਰ ਤੋਂ ਉਸ ਦੇ ਪਲੇਟਫਾਰਮ 'ਤੇ ਜਾਰੀ ਸੰਦੇਸ਼ ਨੂੰ ਪੜ੍ਹਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤੀ ਨਾਲ ਵਿਰੋਧ ਕਰਦੀ ਹੈ। ਲੋਕਾਂ ਦੀ ਨਿੱਜਤਾ ਤੇ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ।

ਹਾਲਾਂਕਿ, ਜ਼ੁਕਰਬਰਗ ਨੇ ਆਪਣੀ ਕੰਪਨੀ ਦੇ ਮੁਲਾਜ਼ਮਾਂ ਨਾਲ ਇਕ ਸੰਵਾਦ ਪ੍ਰੋਗਰਾਮ 'ਚ ਕਿਹਾ ਹੈ ਕਿ ਕੰਪਨੀ ਨਿੱਜਤਾ ਦੀਆਂ ਚਿੰਤਾਵਾਂ ਤੇ ਬਾਲ ਸ਼ੋਸ਼ਣ ਅਤੇ ਅੱਤਵਾਦ ਜਿਹੇ ਅਪਰਾਧ ਖ਼ਿਲਾਫ਼ ਲੜਾਈ ਦਰਮਿਆਨ ਸੰਤੁਲਨ ਬਣਾਉਣ ਲਈ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ।