ਹਾਂਗਕਾਂਗ (ਰਾਇਟਰ) : ਹਾਂਗਕਾਂਗ ਦੇ ਅੰਦੋਲਨ 'ਚ ਐਤਵਾਰ ਨੂੰ ਨਵਾਂ ਚੈਪਟਰ ਜੁੜ ਗਿਆ। ਹਜ਼ਾਰਾਂ ਮੁਜ਼ਾਹਰਾਕਾਰੀਆਂ ਨੇ ਅਮਰੀਕੀ ਰਾਸ਼ਟਰਗਾਨ (ਸਟਾਰ ਸਪੈਂਜਲਡ ਬੈਨਰ) ਗਾਉਂਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਮਦਦ ਦੀ ਮੰਗ ਕੀਤੀ। ਕਿਹਾ ਕਿ ਉਨ੍ਹਾਂ ਨੂੰ ਚੀਨੀ ਸੱਤਾ ਤੋਂ ਮੁਕਤੀ ਦਿਵਾਓ। ਇਸ ਤੋਂ ਬਾਅਦ ਪੁਲਿਸ ਨੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਮਹਾਨਗਰ ਦੇ ਕਈ ਇਲਾਕਿਆਂ 'ਚ ਟਕਰਾਅ ਸ਼ੁਰੂ ਹੋ ਗਿਆ। ਅਮਰੀਕਾ ਨੇ ਚੀਨ ਨੂੰ ਹਾਂਗਕਾਂਗ ਦੇ ਅੰਦੋਲਨ ਨਾਲ ਨਜਿੱਠਣ 'ਚ ਸੰਜਮ ਦੀ ਅਪੀਲ ਕੀਤੀ ਹੈ। ਚੀਨ ਨੇ ਇਸ ਨੂੰ ਆਪਣਾ ਅੰਦਰੂਨੀ ਮਾਮਲਾ ਦੱਸਦੇ ਹੋਏ ਵਿਚੋਲਗੀ ਦੀ ਕਿਸੇ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਸ ਨੇ ਅਮਰੀਕਾ ਤੇ ਬਰਤਾਨੀਆ ਨੂੰ ਹਾਂਗਕਾਂਗ ਦੀ ਅਸ਼ਾਂਤੀ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਹਾਂਗਕਾਂਗ 'ਚ ਐਤਵਾਰ ਨੂੰ ਅੰਦੋਲਨ ਦੀ ਸ਼ੁਰੂਆਤ ਸ਼ਾਂਤਮਈ ਢੰਗ ਨਾਲ ਹੋਈ। ਧੁੱਪ 'ਚ ਛੱਤਰੀ ਲਈ ਤੇ ਹੱਥ 'ਚ ਲੋਕਤੰਤਰੀ ਮੰਗਾਂ ਦੇ ਕਾਰਡ ਫੜੀ ਨੌਜਵਾਨ ਹੌਲੀ-ਹੌਲੀ ਅੱਗੇ ਵਧਦੇ ਰਹੇ। ਪਰ ਕੁਝ ਦੇਰ ਬਾਅਦ ਅੰਦੋਲਨ ਹਿੰਸਕ ਹੋ ਉੱਠਿਆ। ਇਸ ਤੋਂ ਬਾਅਦ ਬੈਰੀਕੇਡਿੰਗ ਤੇ ਸੜਕ ਦੇ ਕਿਨਾਰੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੀ ਤੋੜਭੰਨ ਸ਼ੁਰੂ ਹੋ ਗਈ। ਸੜਕਾਂ 'ਤੇ ਅੱਗਜਨੀ ਸ਼ੁਰੂ ਹੋ ਗਈ। ਪੁਲਿਸ ਨੇ ਹਿੰਸਕ ਅੰਦੋਲਨਕਾਰੀਆਂ ਨੂੰ ਰੋਕਣ ਲਈ ਜਦੋਂ ਬਲ ਵਰਤੋਂ ਕੀਤੀ ਤਾਂ ਜਵਾਬ 'ਚ ਪਥਰਾਅ ਸ਼ੁਰੂੁ ਹੋ ਗਿਆ। ਟਕਰਾਅ ਦਾ ਇਹ ਸਿਲਸਿਲਾ ਕਈ ਘੰਟੇ ਚੱਲਿਆ। ਇਸ ਦੌਰਾਨ ਨੌਜਵਾਨ ਅੰਦੋਲਨਕਾਰੀ ਰਹਿ ਰਹਿ ਕੇ ਆਜ਼ਾਦੀ ਦੀ ਮੰਗ ਲਈ ਸੰਘਰਸ਼ ਕਰਨ ਦੇ ਨਾਅਰੇ ਲਗਾਉਂਦੇ ਰਹੇ। ਅਮਰੀਕੀ ਵਣਜ ਦੂਤਘਰ ਦੇ ਨੇੜੇ ਪਹੁੰਚ ਕੇ ਉਨ੍ਹਾਂ ਨੇ ਚੀਨ ਨੂੰ ਰੋਕਣ ਤੇ ਹਾਂਗਕਾਂਗ ਨੂੰ ਆਜ਼ਾਦੀ ਦਿਵਾਉਣ ਦੇ ਨਾਅਰੇ ਲਗਾਏ। ਪੁਲਿਸ ਨੇ ਕਈ ਅੰਦੋਲਨਕਾਰੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਹਾਂਗਕਾਂਗ ਦੇ ਅੰਦੋਲਨ ਨਾਲ ਨਜਿੱਠਣ 'ਚ ਚੀਨ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ। ਉਹ ਅੱਜਕੱਲ੍ਹ ਪੈਰਿਸ ਦੀ ਯਾਤਰਾ 'ਤੇ ਹਨ। ਅਗਸਤ 'ਚ ਰਾਸ਼ਟਰਪਤੀ ਟਰੰਪ ਨੇ ਚੀਨ ਨੂੰ ਹਾਂਗਕਾਂਗ ਦੀ ਸਮੱਸਿਆ ਮਨੁੱਖੀ ਤਰੀਕੇ ਨਾਲ ਹੱਲ ਕਰਨ ਦੀ ਸਲਾਹ ਦਿੱਤੀ ਸੀ।

ਸੰਨ 1997 ਤਕ ਬਰਤਾਨਵੀ ਉਪ ਨਿਵੇਸ਼ ਰਿਹਾ ਹਾਂਗਕਾਂਗ ਇਸ ਸ਼ਰਤ ਨਾਲ ਚੀਨ ਨੂੰ ਦਿੱਤਾ ਗਿਆ ਸੀ ਕਿ ਨਾਗਰਿਕਾਂ ਦੇ ਲੋਕਤੰਤਰੀ ਅਧਿਕਾਰ ਬਣੇ ਰਹਿਣਗੇ। ਚੀਨ ਨੇ ਹਾਂਗਕਾਂਗ ਨੂੰ ਖ਼ੁਦਮੁਖ਼ਤਾਰੀ ਦਿੱਤੀ। ਪਰ ਨਾਗਰਿਕ ਅਧਿਕਾਰਾਂ 'ਚ ਹੌਲੀ-ਹੌਲੀ ਕਟੌਤੀ ਕਰ ਦਿੱਤੀ। ਇਸ ਨਾਲ ਹਾਂਗਕਾਂਗ ਵਾਸੀਆਂ ਨੂੰ ਲੱਗਣ ਲੱਗਾ ਕਿ ਇਕ ਦਿਨ ਉਨ੍ਹਾਂ ਦੀ ਖ਼ੁਦਮੁਖ਼ਤਾਰੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਇਸ ਤੋਂ ਬਾਅਦ ਉੱਥੇ ਲੋਕਤੰਤਰ ਦੀ ਮੰਗ ਨੂੰ ਲੈ ਕੇ ਅੰਦੋਲਨ ਸ਼ੁਰੂ ਹੋਇਆ।