ਜਨੇਵਾ (ਪੀਟੀਆਈ) : ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਮੁੱਦਾ ਉਠਾਉਣ 'ਤੇ ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰਰੀਸ਼ਦ (ਯੂਐੱਨਐੱਚਆਰਸੀ) 'ਚ ਪਾਕਿਸਤਾਨ ਨੂੰ ਸਖ਼ਤ ਝਾੜ ਪਾਈ ਹੈ। ਭਾਰਤ ਨੇ ਪਾਕਿਸਾਤਨ ਦੀ 'ਮੰਦਭਾਵਨਾਪੂਰਨ' ਮੁਹਿੰਮ ਨੂੰ ਦਿ੍ੜ੍ਹਤਾ ਨਾਲ ਖ਼ਾਰਜ ਕਰਦੇ ਹੋਏ ਮੰਗਲਵਾਰ ਨੂੰ ਯੂਐੱਨਐੱਚਆਰਸੀ 'ਚ ਕਿਹਾ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨਾ ਭਾਰਤੀ ਸੰਸਦ ਵੱਲੋਂ ਕੀਤਾ ਗਿਆ ਇਕ ਪ੍ਰਭੂਸੱਤਾ ਵਾਲਾ ਫ਼ੈਸਲਾ ਹੈ। ਭਾਰਤ ਆਪਣੇ ਅੰਦਰੂਨੀ ਮਾਮਲੇ 'ਚ ਕੋਈ ਦਖ਼ਲ ਸਵੀਕਾਰ ਨਹੀਂ ਕਰ ਸਕਦਾ।

ਵਿਦੇਸ਼ ਮੰਤਰਾਲੇ ਦੇ ਪੂਰਬੀ ਮਾਮਲਿਆਂ ਦੀ ਸਕੱਤਰ ਵਿਜੇ ਠਾਕੁਰ ਸਿੰਘ ਨੇ ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਬਹਾਨੇ ਮੰਦਭਾਵਨਾਪੂਰਨ ਸਿਆਸੀ ਏਜੰਡੇ ਲਈ ਯੂਐੱਨਐੱਚਆਰਸੀ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਨਿੰਦਾ ਕੀਤੇ ਜਾਣ ਦੀ ਲੋੜ ਹੈ। ਯੂਐੱਨਐੱਚਆਰਸੀ ਦੇ 42ਵੇਂ ਸੈਸ਼ਨ 'ਚ ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ 'ਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ 'ਤੇ ਗੱਲ ਕਰਨ ਵਾਲਿਆਂ ਨੂੰ ਆਪਣੇ ਦੇਸ਼ ਦਾ ਹਾਲ ਦੇਖਣਾ ਚਾਹੀਦਾ ਹੈ। ਜਦੋਂ ਅਸਲ 'ਚ ਉਹ ਖ਼ੁਦ ਸਾਜ਼ਿਸ਼ਕਰਤਾ ਹੁੰਦੇ ਹਨ ਤਾਂ ਖ਼ੁਦ ਨੂੰ ਪੀੜਤ ਦੱਸਣ ਲੱਗਦੇ ਹਨ। ਭਾਰਤ ਵੱਲੋਂ ਹਾਲੀਆ ਜੰਮੂ ਕਸ਼ਮੀਰ 'ਚ ਉਠਾਏ ਗਏ ਕਦਮ 'ਤੇ ਉਨ੍ਹਾਂ ਕਿਹਾ, 'ਇਹ ਫ਼ੈਸਲਾ ਸਾਡੀ ਸੰਸਦ ਨੇ ਵਿਆਪਕ ਚਰਚਾ ਦੇ ਬਾਅਦ ਕੀਤੇ, ਜਿਸ ਦਾ ਟੈਲੀਵਿਜ਼ਨ 'ਤੇ ਪ੍ਰਸਾਰਨ ਹੋਇਆ ਅਤੇ ਇਸ ਨੂੰ ਵਿਆਪਕ ਹਮਾਇਤ ਮਿਲੀ। ਅਸੀਂ ਦੁਹਰਾਉਣਾ ਚਾਹੁੰਦੇ ਹਾਂ ਕਿ ਸੰਸਦ ਵੱਲੋਂ ਪਾਸ ਹੋਰ ਕਾਨੂੰਨਾਂ ਵਾਂਗ ਇਹ ਇਕ ਪ੍ਰਭੂਸੱਤਾ ਵਾਲਾ ਫ਼ੈਸਲਾ ਹੈ, ਜਿਹੜਾ ਪੂਰੀ ਤਰ੍ਹਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ। ਕੋਈ ਵੀ ਦੇਸ਼ ਆਪਣੇ ਅੰਦਰੂਨੀ ਮਾਮਲਿਆਂ 'ਚ ਦਖ਼ਲ ਸਵੀਕਾਰ ਨਹੀਂ ਕਰ ਸਕਦਾ। ਭਾਰਤ ਤਾਂ ਬਿਲਕੁਲ ਵੀ ਨਹੀਂ।' ਅਸਾਮ 'ਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨਆਰਸੀ) ਨੂੰ ਵੀ ਸਿੰਘ ਨੇ ਭਾਰਤ ਦੀ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਉਠਾਇਆ ਗਿਆ ਵਿਧਾਨਕ, ਪਾਰਦਰਸ਼ੀ ਅਤੇ ਬਿਨਾ ਵਿਤਕਰੇ ਦੇ ਚੁੱਕਿਆ ਗਿਆ ਕਦਮ ਦੱਸਿਆ।

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਮੰਗ ਕੀਤੀ ਸੀ ਕਿ ਯੂਐੱਨਐੱਚਆਰਸੀ ਨੂੰ ਕਸ਼ਮੀਰ 'ਚ ਮੌਜੂਦਾ ਸਥਿਤੀ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਪਾਕਿਸਤਾਨ ਨੇ ਵਿਸ਼ਵ ਸੰਗਠਨ ਨੂੰ ਅਪੀਲ ਕੀਤੀ ਕਿ ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੇ ਬਾਅਦ ਯੂਐੱਨਐੱਚਆਰਸੀ ਨੂੰ ਚੁੱਪ ਨਹੀਂ ਬੈਠਣਾ ਚਾਹੀਦਾ

ਪਾਕਿ ਨੇ ਮੰਨਿਆ, ਕਸ਼ਮੀਰ ਭਾਰਤ ਦਾ ਹਿੱਸਾ

ਯੂਐੱਨਐੱਚਆਰਸੀ ਦੀ ਬੈਠਕ 'ਚ ਪੁੱਜੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਜ਼ਬਾਨ 'ਤੇ ਸੱਚ ਆ ਹੀ ਗਿਆ। ਇੱਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਸ਼ਾਹ ਨੇ ਕਿਹਾ, 'ਭਾਰਤ ਦੁਨੀਆ ਨੂੰ ਇਹ ਦਿਖਾਉਣ ਦੀ ਕੋਸ਼ਿਸ਼ 'ਚ ਹੈ ਕਿ ਜੀਵਨ ਆਮ ਵਾਂਗ ਹੋ ਗਿਆ ਹੈ। ਜੇਕਰ ਸਾਰਾ ਕੁਝ ਸਹੀ ਹੋ ਗਿਆ ਹੈ ਤਾਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਾਰਤ ਕਿਉਂ ਅੰਤਰਰਾਸ਼ਟਰੀ ਮੀਡੀਆ, ਸੰਗਠਨਾਂ, ਐੱਨਜੀਓ ਅਤੇ ਹੋਰਨਾਂ ਨੂੰ ਭਾਰਤੀ ਸੂਬੇ ਜੰਮੂ- ਕਸ਼ਮੀਰ 'ਚ ਸੱਚ ਜਾਣਨ ਲਈ ਨਹੀਂ ਜਾਣ ਦੇ ਰਿਹਾ।' ਹਾਲੇ ਤਕ ਪਾਕਿਸਤਾਨ ਆਪਣੇ ਰਸਮੀ ਬਿਆਨਾਂ 'ਚ ਜੰਮੂ-ਕਸ਼ਮੀਰ ਨੂੰ 'ਭਾਰਤ ਮਕਬੂਜ਼ਾ ਕਸ਼ਮੀਰ' ਕਹਿੰਦਾ ਰਿਹਾ ਹੈ।