ਸੰਯੁਕਤ ਰਾਸ਼ਟਰ (ਏਪੀ) : ਸੰਯੁਕਤ ਰਾਸ਼ਟਰ ਦੀ ਇਕ ਨਵੀਂ ਰਿਪੋਰਟ 'ਚ ਉੱਤਰੀ ਕੋਰੀਆ 'ਚ ਮਨੁੱਖੀ ਅਧਿਕਾਰ ਉਲੰਘਣਾ ਦੀ ਭਿਆਨਕ ਤਸਵੀਰ ਸਾਹਮਣੇ ਆਈ ਹੈ। ਇਸ ਦੇਸ਼ 'ਚ ਜੇਲ੍ਹ ਤੋਂ ਭੱਜਣ ਦਾ ਯਤਨ ਕਰਨ ਵਾਲੇ ਕੈਦੀਆਂ ਨੂੰ ਸਰੇਆਮ ਗੋਲ਼ੀ ਮਾਰ ਦਿੱਤੀ ਜਾਂਦੀ ਹੈ। ਨਾਲ ਹੀ ਹਿਰਾਸਤ 'ਚ ਲਏ ਲੋਕਾਂ ਨੂੰ ਅਣਮਨੁੱਖੀ ਤਸੀਹੇ ਦਿੱਤੇ ਜਾਂਦੇ ਹਨ। ਉਨ੍ਹਾਂ ਨਾਲ ਜਿਨਸੀ ਹਿੰਸਾ ਹੁੰਦੀ ਹੈ। ਉਨ੍ਹਾਂ ਨੂੰ ਡੰਡੇ ਤੇ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਮਾਰਿਆ ਵੀ ਜਾਂਦਾ ਹੈ।

ਸੰਯੁਕਤ ਰਾਸ਼ਟਰ ਮਹਾਸਭਾ 'ਚ ਰੱਖੀ ਗਈ ਰਿਪੋਰਟ ਮੁਤਾਬਕ, ਜੇਲ੍ਹ ਦੇ ਸੁਰੱਖਿਆ ਮੁਲਾਜ਼ਮ ਕੈਦੀਆਂ ਦੇ ਕੱਪੜੇ ਉਤਰਵਾ ਲੈਂਦੇ ਹਨ। ਪੈਸੇ ਜਾਂ ਲੁਕਾਏ ਗਏ ਸਾਮਾਨ ਦਾ ਪਤਾ ਲਗਾਉਣ ਲਈ ਕੈਦੀਆਂ ਦੀ ਕਈ ਵਾਰ ਤਲਾਸ਼ੀ ਲਈ ਜਾਂਦੀ ਹੈ। ਕਈ ਵਾਰ ਉਨ੍ਹਾਂ ਤੋਂ ਮਹੀਨੇ ਭਰ ਜਾਂ ਜ਼ਿਆਦਾ ਸਮੇਂ ਤਕ ਪੁੱਛਗਿੱਛ ਵੀ ਹੁੰਦੀ ਹੈ। ਕੈਦੀਆਂ ਨੂੰ ਜੇਲ੍ਹ ਦੀਆਂ ਉਨ੍ਹਾਂ ਕੋਠੜੀਆਂ 'ਚ ਰੱਖਿਆ ਜਾਂਦਾ ਹੈ, ਜਿਨ੍ਹਾਂ 'ਚ ਸਮਰੱਥਾ ਤੋਂ ਵੱਧ ਕੈਦੀ ਹੁੰਦੇ ਹਨ। ਅਜਿਹੀਆਂ ਕੋਠੜੀਆਂ 'ਚ ਕੈਦੀ ਠੀਕ ਤਰ੍ਹਾਂ ਲੇਟ ਵੀ ਨਹੀਂ ਸਕਦੇ। ਯੂਐੱਨ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਦੱਸਿਆ ਕਿ ਉੱਤਰੀ ਕੋਰੀਆ ਦੇ ਸਾਬਕਾ ਕੈਦੀਆਂ ਨੇ ਅਧਿਕਾਰੀਆਂ 'ਤੇ ਜ਼ਿੰਦਗੀ, ਆਜ਼ਾਦੀ ਤੇ ਸੁਰੱਖਿਆ ਸਬੰਧੀ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਨ ਦਾ ਦੋਸ਼ ਲਾਇਆ।

ਇਸ ਤਰ੍ਹਾਂ ਤਿਆਰ ਕੀਤੀ ਗਈ ਰਿਪੋਰਟ

ਗੁਤਰਸ ਮੁਤਾਬਕ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਨੇ ਇਹ ਰਿਪੋਰਟ ਉਨ੍ਹਾਂ ਉੱਤਰੀ ਕੋਰੀਆਈ ਨਾਗਰਿਕਾਂ ਦੀ ਹੱਡਬੀਤੀ ਦੇ ਆਧਾਰ 'ਤੇ ਤਿਆਰ ਕੀਤੀ ਹੈ, ਜਿਨ੍ਹਾਂ ਨੂੰ ਹਿਰਾਸਤ 'ਚ ਰੱਖਿਆ ਗਿਆ ਸੀ। ਇਨ੍ਹਾਂ 'ਚੋਂ ਜ਼ਿਆਦਾਤਰ ਔਰਤਾਂ ਸਨ, ਜੋ ਭੱਜ ਕੇ ਚੀਨ ਚਲੀਆਂ ਗਈਆਂ। ਮਨੁੱਖੀ ਅਧਿਕਾਰ ਦਫ਼ਤਰ ਨੇ ਪਿਛਲੇ ਸਾਲ ਸਤੰਬਰ ਤੋਂ ਇਸ ਸਾਲ ਮਈ ਦਰਮਿਆਨ 330 ਤੋਂ ਵੱਧ ਸਾਬਕਾ ਕੈਦੀਆਂ ਦੀ ਇੰਟਰਵਿਊ ਲਈ ਸੀ। ਇਹ ਲੋਕ ਉੱਤਰੀ ਕੋਰੀਆ ਛੱਡ ਚੁੱਕੇ ਹਨ।

ਉੱਤਰੀ ਕੋਰੀਆ ਨੇ ਨਕਾਰੇ ਦੋਸ਼

ਉੱਤਰੀ ਕੋਰੀਆ ਕਈ ਵਾਰ ਕਹਿ ਚੁੱਕਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਕਰਦਾ ਹੈ। ਜਨੇਵਾ 'ਚ ਉਸ ਦੇ ਦੂਤ ਹਾਨ ਤਾਈ ਸਾਂਗ ਨੇ ਪਿਛਲੀ ਮਈ 'ਚ ਕਿਹਾ ਸੀ ਕਿ ਸਰਕਾਰ ਲੋਕਾਂ ਦੇ ਹਿੱਤ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਯੂਐੱਨ ਦੇ ਅਧਿਕਾਰੀਆਂ ਨੂੰ ਨਹੀਂ ਦਿੱਤਾ ਵੀਜ਼ਾ

ਮਨੁੱਖੀ ਅਧਿਕਾਰ ਘਾਣ ਦੇ ਦੋਸ਼ਾਂ ਤੋਂ ਇਨਕਾਰ ਕਰਨ ਵਾਲੇ ਉੱਤਰੀ ਕੋਰੀਆ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨ ਵਾਲੇ ਯੂਐੱਨ ਅਧਿਕਾਰੀਆਂ ਨੂੰ ਵੀਜ਼ਾ ਦੇਣ ਤੋਂ ਮਨ੍ਹਾਂ ਕਰਦਾ ਰਿਹਾ ਹੈ।

ਬਦਹਾਲ ਸਥਿਤੀ 'ਚ ਰੱਖੇ ਜਾਂਦੇ ਹਨ ਕੈਦੀ

ਯੂਐੱਨ ਮੁਖੀ ਗੁਤਰਸ ਨੇ ਸਾਬਕਾ ਕੈਦੀਆਂ ਦੇ ਹਵਾਲੇ ਨਾਲ ਦੱਸਿਆ ਕਿ ਕੈਦੀਆਂ ਨੂੰ ਬਹੁਤ ਬਦਹਾਲ ਸਥਿਤੀਆਂ 'ਚ ਰੱਖਿਆ ਜਾਂਦਾ ਹੈ। ਬੇਹੱਦ ਘੱਟ ਭੋਜਨ ਦਿੱਤਾ ਜਾਂਦਾ ਹੈ। ਇਸ ਕਾਰਨ ਕਈ ਕੈਦੀ ਤਾਂ ਕੁਪੋਸ਼ਣ ਤੇ ਬਿਮਾਰੀ ਦਾ ਸ਼ਿਕਾਰ ਹੋ ਗਏ। ਕਈਆਂ ਦੀ ਮੌਤ ਤਕ ਹੋ ਗਈ। ਮਨੁੱਖੀ ਅਧਿਕਾਰ ਦਫ਼ਤਰ ਨੂੰ ਇਹ ਵੀ ਪਤਾ ਲੱਗਾ ਕਿ ਅਧਿਕਾਰੀਆਂ ਦੇ ਹੱਥੋਂ ਕਈ ਮਹਿਲਾ ਕੈਦੀ ਜਿਨਸੀ ਹਿੰਸਾ ਦਾ ਸ਼ਿਕਾਰ ਵੀ ਹੋਈਆਂ।

ਕੈਦੀਆਂ ਨੂੰ ਨਹੀਂ ਮਿਲਦੇ ਵਕੀਲ

ਗੁਤਰਸਤ ਨੇ ਦੱਸਿਆ ਕਿ ਉੱਤਰੀ ਕੋਰੀਆ 'ਚ ਕੈਦੀਆਂ ਨੂੰ ਟ੍ਰਾਇਲ ਤੋਂ ਪਹਿਲਾਂ ਵਕੀਲ ਤਕ ਮੁਹੱਈਆ ਨਹੀਂ ਕਰਵਾਏ ਜਾਂਦੇ। ਉਨ੍ਹਾਂ ਨੂੰ ਅਪਰਾਧਾਂ 'ਚ ਸਿਰਫ਼ ਸਜ਼ਾ ਦੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ, ਜਿਨ੍ਹਾਂ 'ਚ ਛੇ ਮਹੀਨੇ ਤਕ ਦੀ ਸਜ਼ਾ ਦੀ ਵਿਵਸਥਾ ਹੈ।