ਲੰਡਨ : ਯੂਰਪੀ ਯੂਨੀਅਨ (ਈਯੂ) ਤੋਂ ਬਰਤਾਨੀਆ ਦੇ ਵੱਖ ਹੋਣ ਦੀ ਪ੍ਰਕਿਰਿਆ ਬ੍ਰੈਗਜ਼ਿਟ ਨੂੰ ਲੈ ਕੇ ਭਰਮ ਦੀ ਸਥਿਤੀ ਬਣੀ ਹੋਈ ਹੈ। ਵੱਖ ਹੋਣ ਦੀਆਂ ਸ਼ਰਤਾਂ ਨੂੰ ਲੈ ਕੇ ਬਰਤਾਨੀਆ ਵਿਚ ਆਮ ਸਹਿਮਤੀ ਨਹੀਂ ਬਣ ਸਕੀ ਹੈ ਜਿਸ ਨਾਲ ਤੈਅ ਸਮੇਂ 'ਤੇ ਈਯੂ ਤੋਂ ਬਰਤਾਨੀਆ ਦੇ ਵੱਖ ਹੋਣ ਦੀ ਉਮੀਦ ਘੱਟ ਹੋ ਗਈ ਹੈ। ਵੱਖ ਹੋਣ ਦੀ ਆਖ਼ਰੀ ਤਰੀਕ 29 ਮਾਰਚ ਹੈ। ਬਰਤਾਨੀਆ ਦੀ ਸੰਸਦ ਵਿਚ ਵੱਖ ਹੋਣ ਦਾ ਸਮਾਂ ਵਧਾਉਣ ਨਾਲ ਸਬੰਧਤ ਮਤੇ 'ਤੇ ਅੱਜ ਮਤਦਾਨ ਹੋਣਾ ਹੈ। ਈਯੂ ਵੀ ਸਮਾਂ ਵਧਾਉਣ 'ਤੇ ਰਾਜ਼ੀ ਨਜ਼ਰ ਆਉਂਦਾ ਹੈ।

ਈਯੂ ਤੋਂ ਬਰਤਾਨੀਆ ਦੇ ਵੱਖ ਹੋਣ ਤੋਂ ਬਾਅਦ ਸਬੰਧਾਂ ਨੂੰ ਲੈ ਕੇ ਸੰਘ ਦੇ ਨੇਤਾਵਾਂ ਅਤੇ ਪ੍ਰਧਾਨ ਮੰਤਰੀ ਥੈਰੇਸਾ ਮੇ ਵਿਚਾਲੇ ਬ੍ਰੈਗਜ਼ਿਟ ਸਮਝੌਤਾ ਹੋਇਆ ਸੀ ਪਰ ਬਰਤਾਨਵੀ ਸੰਸਦ ਨੇ ਪਹਿਲਾਂ ਜਨਵਰੀ ਵਿਚ ਅਤੇ ਫਿਰ ਦੋ ਦਿਨ ਪਹਿਲਾਂ ਇਸ ਨੂੰ ਖ਼ਾਰਜ ਕਰ ਦਿੱਤਾ। ਬਿਨਾਂ ਕਿਸੇ ਸਮਝੌਤੇ ਦੇ ਬਰਤਾਨੀਆ ਦੇ ਈਯੂ ਤੋਂ ਵੱਖ ਹੋਣ ਦੇ ਮਤੇ ਨੂੰ ਵੀ ਸੰਸਦ ਨੇ ਨਕਾਰ ਦਿੱਤਾ ਹੈ। ਅਜਿਹੇ ਵਿਚ ਹੁਣ ਬਰਤਾਨੀਆ ਦੇ ਸਾਹਮਣੇ ਦੋ ਹੀ ਬਦਲ ਬਚੇ ਹਨ ਜਾਂ ਤਾਂ ਉਹ ਈਯੂ ਨਾਲ ਬਣਾ ਰਹੇ ਜਾਂ ਫਿਰ ਵੱਖ ਹੋਣ ਲਈ ਕੁਝ ਹੋਰ ਮੋਹਲਤ ਮੰਗੇ। ਜੇਕਰ ਬਰਤਾਨੀਆ ਨਾਲ ਬਣੇ ਰਹਿਣ ਦਾ ਫ਼ੈਸਲਾ ਕਰਦਾ ਹੈ ਤਾਂ ਇਹ ਉਸ ਲੋਕ ਫ਼ਤੇ ਦੀ ਉਲੰਘਣਾ ਹੋਵੇਗੀ, ਜਿਸ ਵਿਚ 2016 ਵਿਚ ਰਾਇਸ਼ੁਮਾਰੀ ਵਿਚ ਲੋਕਾਂ ਦੇ ਸੰਘ ਤੋਂ ਵੱਖ ਹੋਣ 'ਤੇ ਮੋਹਰ ਲਗਾਈ ਸੀ।

ਈਯੂ ਤੋਂ ਵੱਖ ਹੋਣ ਲਈ ਹੋਰ ਸਮੇਂ ਦੀ ਮੰਗ ਦੇ ਮਤੇ 'ਤੇ ਹਾਊਸ ਆਫ ਕਾਮਨਜ਼ ਵਿਚ ਮਤਦਾਨ ਹੋਣਾ ਹੈ। ਪ੍ਰਧਾਨ ਮੰਤਰੀ ਮੇ ਨੇ ਸੰਸਦ ਮੈਂਬਰਾਂ ਤੋਂ ਖੁੱਲ੍ਹੇ ਮਨ ਨਾਲ ਮਤਦਾਨ ਕਰਨ ਲਈ ਕਿਹਾ ਹੈ, ਪਰ ਇਸ ਨੂੰ ਲੈ ਕੇ ਤਿਆਰ ਮਤੇ ਨੂੰ ਬਹੁਤ ਹੀ ਚਲਾਕੀ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿਚ ਬਿਨਾਂ ਸਮਝੌਤੇ ਦੇ ਵੱਖ ਹੋਣ ਦੇ ਮਾੜੇ ਨਤੀਜਿਆਂ ਦਾ ਜ਼ਿਕਰ ਕੀਤਾ ਗਿਆ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਬਿਨਾਂ ਕਿਸੇ ਸਮਝੌਤੇ ਵੱਖ ਹੋਣ ਦਾ ਮਤਲਬ ਹੈ ਕਿ ਬਰਤਾਨੀਆ ਅਤੇ ਯੂਰਪੀ ਸੰਘ ਦੇ ਆਪਣੇ-ਆਪਣੇ ਕਾਨੂੰਨ ਖ਼ੁਦ ਹੀ ਲਾਗੂ ਹੋ ਜਾਣਗੇ। ਮੇ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਹੁੰਦਾ ਹੈ, ਇਸ ਲਈ ਅਸੀਂ ਸਾਰੇ ਜ਼ਿੰਮੇਵਾਰ ਹੋਵਾਂਗੇ। ਉਨ੍ਹਾਂ ਈਯੂ ਤੋਂ ਹੋਰ ਸਮਾਂ ਮੰਗਣ ਦੀ ਗੱਲ ਕਹਿੰਦੇ ਹੋਏ ਸੰਸਦ ਮੈਂਬਰਾਂ ਤੋਂ ਵੀ ਬ੍ਰੈਗਜ਼ਿਟ ਸਮਝੌਤੇ 'ਤੇ ਸਹਿਮਤੀ ਬਣਾਉਣ ਦੀ ਅਪੀਲ ਕੀਤੀ ਹੈ। ਮੇ ਸਰਕਾਰ ਈਯੂ ਤੋਂ 30 ਜੂਨ ਤਕ ਦਾ ਸਮਾਂ ਮੰਗ ਸਕਦੀ ਹੈ।

ਉਥੇ ਬਰੱਸਲਜ਼ 'ਚ ਯੂਰਪੀ ਪ੍ਰਰੀਸ਼ਦ ਦੇ ਪ੍ਰਧਾਨ ਡੋਨਾਲਡ ਟਸਕ ਨੇ ਵੀਰਵਾਰ ਨੂੰ ਕਿਹਾ ਕਿ ਈਯੂ ਦੇ ਮੈਂਬਰ ਦੇਸ਼ ਬਰਤਾਨੀਆ ਨੂੰ ਹੋਰ ਸਮਾਂ ਦੇਣ 'ਤੇ ਰਾਜ਼ੀ ਹੋ ਸਕਦੇ ਹਨ ਤਾਂ ਕਿ ਮੇ ਨੂੰ ਆਪਣੇ ਕੁਝ ਅੜੀਅਲ ਮੁੱਦਿਆਂ 'ਤੇ ਵਿਚਾਰ ਕਰਨ ਦਾ ਮੌਕਾ ਮਿਲ ਸਕੇ। ਇਸ ਨੂੰ ਲੈ ਕੇ ਈਯੂ ਦੇ ਨੇਤਾਵਾਂ ਦੀ 21 ਮਾਰਚ ਨੂੰ ਬੈਠਕ ਹੋਵੇਗੀ। ਜੇਕਰ ਈਯੂ ਵੱਖ ਹੋਣ ਲਈ ਬਰਤਾਨੀਆ ਨੂੰ ਹੋਰ ਸਮਾਂ ਦੇਣ 'ਤੇ ਰਾਜ਼ੀ ਹੋ ਜਾਂਦਾ ਹੈ ਤਾਂ ਬ੍ਰੈਗਜ਼ਿਟ ਸਮਝੌਤੇ ਦਾ ਵਿਰੋਧ ਕਰਨ ਵਾਲੇ ਬਰਤਾਨਵੀ ਸੰਸਦ ਮੈਂਬਰਾਂ ਨੂੰ ਮੇ ਦੇ ਕਰਾਰ 'ਤੇ ਵਿਚਾਰ ਕਰਨ ਦਾ ਸਮਾਂ ਮਿਲ ਜਾਵੇਗਾ।