ਵਾਸ਼ਿੰਗਟਨ : ਅਮਰੀਕਾ ਵਿਚ ਵਸੇ ਈਰਾਨੀ ਮੂਲ ਦੇ ਨਾਗਰਿਕਾਂ ਨੂੰ ਵੀ ਬਦਲੇ ਹਾਲਾਤ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਕੈਨੇਡਾ ਦੀ ਯਾਤਰਾ ਤੋਂ ਪਰਤਣ ਵਾਲੇ ਦਰਜਨਾਂ ਈਰਾਨੀ-ਅਮਰੀਕੀ ਨਾਗਰਿਕਾਂ ਨੂੰ ਹਫ਼ਤੇ ਦੇ ਅਖੀਰ ਵਿਚ ਸਰਹੱਦ 'ਤੇ ਕਈ ਘੰਟਿਆਂ ਤਕ ਰੋਕ ਕੇ ਰੱਖਿਆ ਗਿਆ। ਉਨ੍ਹਾਂ ਤੋਂ ਲੰਬੀ ਪੁੱਛਗਿੱਛ ਕੀਤੀ ਗਈ। ਸੀਨੀਅਰ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ 'ਤੇ ਈਰਾਨ ਦੀ ਬਦਲਾ ਲੈਣ ਦੀ ਧਮਕੀ ਪਿੱਛੋਂ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਸਰਹੱਦ 'ਤੇ ਵੀ ਸੁਰੱਖਿਆ ਵਧਾ ਦਿੱਤੀ ਹੈ।

ਕੈਨੇਡਾ ਵਿਚ ਛੁੱਟੀਆਂ ਮਨਾਉਣ ਜਾਂ ਕਾਰੋਬਾਰੀ ਦੌਰੇ ਪਿੱਛੋਂ ਅਮਰੀਕਾ ਸਥਿਤ ਆਪਣੇ ਘਰਾਂ ਨੂੰ ਪਰਤ ਰਹੇ 60 ਤੋਂ ਜ਼ਿਆਦਾ ਲੋਕਾਂ ਨੂੰ ਵਾਸ਼ਿੰਗਟਨ ਰਾਜ ਦੀ ਬਲੇਨ ਸੀਮਾ 'ਤੇ ਰੋਕ ਦਿੱਤਾ ਗਿਆ। ਅਧਿਕਾਰ ਸਮੂਹਾਂ ਅਤੇ ਸਰਹੱਦ 'ਤੇ ਰੋਕੇ ਗਏ ਲੋਕਾਂ ਨੇ ਦੱਸਿਆ ਕਿ ਕੈਨੇਡਾ ਨਾਲ ਲੱਗਦੀ ਸਰਹੱਦ 'ਤੇ ਤਾਇਨਾਤ ਸੁਰੱਖਿਆ ਅਧਿਕਾਰੀਆਂ ਨੇ ਸਿਆਸੀ ਰੁਖ਼ ਅਤੇ ਨਿਸ਼ਠਾ ਦੇ ਬਾਰੇ ਵਿਚ ਜ਼ਿਆਦਾਤਰ ਸਵਾਲ ਪੁੱਛੇ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਲੋਕਾਂ ਨੂੰ ਜਾਂਚ ਪਿੱਛੋਂ ਛੱਡ ਦਿੱਤਾ ਗਿਆ ਜਦਕਿ ਅਧਿਕਾਰ ਸਮੂਹਾਂ ਨੇ ਦਾਅਵਾ ਕੀਤਾ ਕਿ ਕੁਝ ਲੋਕਾਂ ਨੂੰ ਅਮਰੀਕਾ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਮੁਸਲਿਮ ਅਧਿਕਾਰ ਸੰਗਠਨ ਕੌਂਸਲ ਆਨ ਅਮੇਰੀਕਨ-ਇਸਲਾਮਿਕ ਰਿਲੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਮਸੀਹ ਫੌਲਾਦੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਵੇਟਿੰਗ ਰੂਮ ਵਿਚ ਰੋਕ ਕੇ ਰੱਖਿਆ ਗਿਆ ਅਤੇ 10 ਘੰਟੇ ਤਕ ਪੁੱਛਗਿੱਛ ਕੀਤੀ ਗਈ ਜਦਕਿ ਅਮਰੀਕਾ ਪਰਤ ਰਹੇ ਕੁਝ ਲੋਕਾਂ ਨੂੰ ਸ਼ਨਿਚਰਵਾਰ ਰਾਤ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਹ ਲੋਕ ਕੈਨੇਡਾ ਵਿਚ ਸਿਰਫ਼ ਇਕ ਈਰਾਨੀ ਪੌਪ ਗਾਇਕ ਦਾ ਕਨਸਰਟ ਦੇਖਣ ਗਏ ਸਨ। ਉਨ੍ਹਾਂ ਨੂੰ ਬਾਅਦ ਵਿਚ ਆਉਣ ਨੂੰ ਕਿਹਾ ਗਿਆ। ਪ੍ਰਭਾਵਿਤ ਲੋਕਾਂ ਨਾਲ ਇਸ ਸੰਗਠਨ ਨੇ ਗੱਲਬਾਤ ਕੀਤੀ ਜਦਕਿ ਅਮਰੀਕਾ ਦੀ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ ਦੇ ਬੁਲਾਰੇ ਮੈਟ ਲੀਸ ਨੇ ਅਧਿਕਾਰ ਸਮੂਹਾਂ ਦੇ ਦਾਅਵਿਆਂ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਈਰਾਨੀ-ਅਮਰੀਕੀ ਨਾਗਰਿਕਾਂ ਨੂੰ ਹਿਰਾਸਤ ਵਿਚ ਰੱਖਣ ਅਤੇ ਉਨ੍ਹਾਂ ਨੂੰ ਦਾਖ਼ਲ ਨਾ ਹੋਣ ਦੇਣ ਦੀ ਖ਼ਬਰ ਫ਼ਰਜ਼ੀ ਹੈ। ਈਰਾਨ ਦੀ ਧਮਕੀ ਪਿੱਛੋਂ ਪੂਰੇ ਦੇਸ਼ ਦੀਆਂ ਸਰਹੱਦਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਬੁਰਾ ਵਕਤ ਹੈ ਈਰਾਨੀ ਹੋਣਾ

ਫੌਲਾਦੀ ਅਨੁਸਾਰ ਇਕ ਪਰਿਵਾਰ ਨੇ ਜਦੋਂ ਸੁਰੱਖਿਆ ਅਧਿਕਾਰੀਆਂ ਤੋਂ ਪੁੱਛਗਿੱਛ ਦਾ ਕਾਰਨ ਪੁੱਿਛਆ ਤਾਂ ਇਕ ਅਧਿਕਾਰੀ ਨੇ ਉਨ੍ਹਾਂ ਨੂੰ ਕਿਹਾ ਕਿ 'ਈਰਾਨੀ ਹੋਣਾ ਬੁਰਾ ਵਕਤ ਹੈ'।