ਟੋਕੀਓ (ਏਪੀ) : ਜਾਪਾਨ ਦੇ ਤਟ ਨਾਲ ਸ਼ਨਿਚਰਵਾਰ ਨੂੰ ਤਾਕਤਵਰ ਚੱਕਰਵਾਤ ਹੇਗਿਬਿਸ ਦੇ ਟਕਰਾਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਤੂਫ਼ਾਨ ਦੀ ਵਜ੍ਹਾ ਨਾਲ 31 ਇੰਚ ਤਕ ਬਾਰਿਸ਼ ਹੋ ਸਕਦੀ ਹੈ। ਇਸ ਸ਼ੰਕਾ ਕਾਰਨ ਸ਼ਨਿਚਰਵਾਰ ਨੂੰ ਹੋਣ ਵਾਲੇ ਰਗਬੀ ਵਿਸ਼ਵ ਕੱਪ ਦੇ ਮੈਚ ਰੱਦ ਕਰ ਦਿੱਤੇ ਗਏ ਹਨ। ਹਵਾਈ ਤੇ ਰੇਲ ਸੇਵਾਵਾਂ ਵੀ ਰੋਕ ਦਿੱਤੀਆਂ ਗਈਆਂ ਹਨ। ਰਾਜਧਾਨੀ ਟੋਕੀਓ ਸਮੇਤ ਜਾਪਾਨ ਦੇ ਕਈ ਇਲਾਕਿਆਂ 'ਚ ਤੂਫ਼ਾਨ ਦਾ ਜ਼ਿਆਦਾ ਅਸਰ ਪੈਣ ਦੀ ਗੱਲ ਕਹੀ ਜਾ ਰਹੀ ਹੈ।

ਦੇਸ਼ ਦੀ ਸ਼ਿੰਜੋ ਅਬੇ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੂਫ਼ਾਨ ਦੇ ਭਿਆਨਕ ਰੂਪ ਧਾਰਨ ਤੋਂ ਪਹਿਲਾਂ ਜ਼ਰੂਰੀ ਸਾਮਾਨ ਇਕੱਠਾ ਕਰ ਲੈਣ। ਨਾਗਰਿਕਾਂ ਨੂੰ ਜ਼ੋਖ਼ਿਮ ਵਾਲੇ ਇਲਾਕਿਆਂ ਤੋਂ ਨਿਕਲ ਜਾਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਮੁਤਾਬਕ, ਹੇਗਿਬਿਸ ਟੋਕੀਓ 'ਚ 1958 'ਚ ਆਏ ਭਿਆਨਕ ਤੂਫ਼ਾਨ ਜਿਹਾ ਹੋ ਸਕਦਾ ਹੈ। ਉਸ ਤੂਫ਼ਾਨ ਨਾਲ 1200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।