ਬਾਇਰਿਟਜ (ਏਐੱਫਪੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਬਰਤਾਨਵੀ ਪ੍ਰਧਾਨ ਮੰਤਰੀ ਦੇ ਰੂਪ 'ਚ ਬੋਰਿਸ ਜੌਨਸਨ ਨਾਲ ਆਪਣੀ ਮੁਲਾਕਾਤ 'ਚ ਉਨ੍ਹਾਂ ਦੀ ਪਿੱਠ ਥਾਪੜੀ। ਬ੍ਰੈਗਜ਼ਿਟ ਲਈ ਜੌਨਸਨ ਨੂੰ 'ਰਾਈਟ ਮੈਨ' ਦੱਸਿਆ ਤੇ ਖ਼ੁਦ ਦੇ ਨਾਲ ਹੋਣ ਦਾ ਭਰੋਸਾ ਦਿੱਤਾ। ਚੀਨ ਨਾਲ ਚੱਲ ਰਹੇ ਟ੍ਰੇਡ ਵਾਰ ਨੂੰ ਲੈ ਕੇ ਟਰੰਪ ਨੇ ਮਿਲੇ ਜੁਲੇ ਸੰਕੇਤ ਦਿੱਤੇ।

ਐਤਵਾਰ ਸਵੇਰੇ ਨਾਸ਼ਤੇ 'ਤੇ ਮਿਲੇ ਟਰੰਪ ਦੇ ਜੌਨਸਨ ਦਾ ਹਰ ਮੁੱਦੇ 'ਤੇ ਗੱਲਬਾਤ 'ਚ ਦੋਸਤਾਨਾ ਰੁਖ਼ ਰਿਹਾ। ਜੌਨਸਨ ਨੂੰ ਲੈ ਕੇ ਟਰੰਪ ਦੀ ਹਮੇਸ਼ਾ ਤੋਂ ਚੰਗੀ ਰਾਇ ਰਹੀ ਹੈ। ਵਾਰਤਾ 'ਚ ਜੌਨਸਨ ਨੇ ਚੀਨ ਨਾਲ ਚੱਲ ਰਹੇ ਟ੍ਰੇਡ ਵਾਰ ਤੇ ਉਸ ਦੇ ਅਸਰ 'ਤੇ ਵੀ ਵਾਰਤਾ ਕੀਤੀ। ਉਨ੍ਹਾਂ ਟਰੰਪ ਨਾਲ ਕਾਰੋਬਾਰ ਲਈ ਸ਼ਾਂਤੀ ਸਥਾਪਤ ਕਰਨ ਦੀ ਲੋੜ ਪ੍ਰਗਟਾਈ। ਵਾਰਤਾ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਬ੍ਰੈਗਜ਼ਿਟ 'ਤੇ ਟਰੰਪ ਦੀ ਸਲਾਹ ਬਾਰੇ ਪੁੱਿਛਆ ਤਾਂ ਅਮਰੀਕੀ ਰਾਸ਼ਟਰਪਤੀ ਨੇ ਬਿਨਾਂ ਦੇਰ ਕੀਤੇ ਜਵਾਬ ਦਿੱਤਾ, ਜੌਨਸਨ ਨੂੰ ਕਿਸੇ ਸਲਾਹ ਦੀ ਲੋੜ ਨਹੀਂ। ਉਹ ਇਸ ਕੰਮ ਲਈ ਸਹੀ ਵਿਅਕਤੀ ਹਨ। ਇਹ ਉਹ (ਟਰੰਪ) ਸ਼ੁਰੂ ਤੋਂ ਕਹਿ ਰਹੇ ਹਨ। ਟਰੰਪ ਨੇ ਜੌਨਸਨ ਨੂੰ ਭਰੋਸਾ ਦਿੱਤਾ ਕਿ ਯੂਰਪੀ ਯੂਨੀਅਨ ਤੋਂ ਵੱਖ ਹੋਣ ਮਗਰੋਂ ਉਹ ਬਰਤਾਨੀਆ ਨਾਲ ਖੜ੍ਹੇ ਰਹਿਣਗੇ। ਉਦੋਂ ਏਨਾ ਵੱਡਾ ਦੁਵੱਲਾ ਵਪਾਰ ਸਮਝੌਤਾ ਕੀਤਾ ਜਾਵੇਗਾ ਜਿੰਨਾ ਪਹਿਲਾਂ ਕਦੀ ਨਹੀਂ ਹੋਇਆ।

13 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ

ਬਾਇਰਿਟਿਜ ਦੇ ਜਿਸ ਬਾਸਕ ਰਿਜ਼ਾਰਟ 'ਚ ਜੀ-7 ਸੰਮੇਲਨ ਹੋ ਰਿਹਾ ਹੈ, ਉੱਥੋਂ ਦੀ ਸੁਰੱਖਿਆ ਲਈ 13,000 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਸ਼ਨਿਚਰਵਾਰ ਰਾਤ ਪੂੰਜੀਵਾਦ ਵਿਰੋਧ ਸੰਗਠਨਾਂ ਦੇ ਸੈਕੜੇ ਵਰਕਰਾਂ ਨੇ ਸੰਮੇਲਨ ਦੇ ਵਿਰੋਧ 'ਚ ਰਿਜ਼ਾਰਟ ਦੇ ਬਾਹਰ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਪਾਣੀ ਦੀ ਬੁਛਾਰ ਕਰ ਕੇ ਤੇ ਅੱਥਰੂ ਗੈਸ ਦੇ ਗੋਲ਼ੇ ਸੁੱਟ ਕੇ ਉਨ੍ਹਾਂ ਨੂੰ ਖਦੇੜਿਆ। ਸੰਮੇਲਨ 'ਚ ਬਰਤਾਨੀਆ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ ਅਮਰੀਕਾ ਦੇ ਸ਼ਾਸਨ ਮੁਖੀ ਹਿੱਸਾ ਲੈ ਰਹੇ ਹਨ ਜਦਕਿ ਭਾਰਤ ਤੇ ਮਿਸਰ ਵਿਸ਼ੇਸ਼ ਬੁਲਾਏ ਮੈਂਬਰਾਂ ਦੇ ਰੂਪ 'ਚ ਹਿੱਸਾ ਲੈ ਰਹੇ ਹਨ।

ਡਿਨਰ ਨਾਲ ਸ਼ੁਰੂ ਹੋਇਆ ਵਾਰਤਾ ਦਾ ਸਿਲਸਿਲਾ

ਸ਼ਨਿਚਰਵਾਰ ਰਾਤ ਸਮੁੰਦਰ ਕਿਨਾਰੇ ਬਣੇ ਲਾਈਟ ਹਾਊਸ ਦੀ ਛਾਂ 'ਚ ਡਿਨਰ ਮੌਕੇ ਸ਼ਾਸਨ ਮੁਖੀਆਂ ਵਿਚਕਾਰ ਗ਼ੈਰ ਰਸਮੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੌਰਾਨ ਨਾ ਸਿਰਫ਼ ਅਮਰੀਕਾ-ਚੀਨ ਦੇ ਟ੍ਰੇਡ ਵਾਰ ਬਲਕਿ ਐਮਾਜ਼ੋਨ ਦੇ ਜੰਗਲ ਦੀ ਅੱਗ ਤੇ ਈਰਾਨ ਦੇ ਪਰਮਾਣੂ ਮਸਲੇ 'ਤੇ ਵੀ ਚਰਚਾ ਹੋਈ। ਇਸ ਮੌਕੇ ਪ੍ਰਧਾਨ ਮੰਤਰੀ ਜੌਨਸਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਪ੍ਰਬੰਧ ਨੂੰ ਸ਼ਾਨਦਾਰ ਦੱਸਿਆ।