ਬਾਇਰਿਟਜ (ਏਪੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਕੱਤਰ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੂੰ ਚੀਨ 'ਤੇ ਹੋਰ ਟੈਰਿਫ ਨਾ ਵਧਾ ਸਕਣ ਦਾ ਅਫਸੋਸ ਹੈ। ਇਸ ਤੋਂ ਪਹਿਲਾਂ ਟਰੰਪ ਚੀਨ ਨਾਲ ਚੱਲ ਰਹੇ ਟ੍ਰੇਡ ਵਾਰ ਨੂੰ ਹੋਰ ਅੱਗੇ ਲਿਜਾਣ ਦਾ ਸੰਕੇਤ ਦੇ ਚੁੱਕੇ ਹਨ।

ਗਲੋਬਲ ਇਕੋਨਾਮੀ 'ਚ ਸੁਸਤੀ ਦੇ ਸੰਕੇਤਾਂ ਵਿਚਕਾਰ ਟਰੰਪ ਨੂੰ ਜੀ-7 ਦੇਸ਼ਾਂ ਦੀ ਬੈਠਕ 'ਚ ਦੁਨੀਆ ਦੇ ਦੂਜੇ ਆਗੂਆਂ ਨਾਲ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨਾਲ ਦੁਪਹਿਰ ਦੇ ਖਾਣੇ ਦੌਰਾਨ ਟਰੰਪ ਨੇ ਟਕਰਾਅ ਨੂੰ ਲੈ ਕੇ ਚਿੰਤਾ ਪ੍ਰਗਟਾਈ। ਪਰ ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਉਹ ਤਣਾਅ ਨੂੰ ਜਾਰੀ ਰਹਿਣ ਦੇਣ ਦੇ ਇਛੁੱਕ ਹਨ, ਤਾਂ ਉਨ੍ਹਾਂ ਨੇ ਇਸ ਦਾ ਪੂਰੇ ਯਕੀਨ ਨਾਲ ਸਕਾਰਾਤਮਕ ਜਵਾਬ ਦਿੱਤਾ।

ਹਾਲਾਂਕਿ ਬਾਅਦ 'ਚ ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਟਰੰਪ ਦੇ ਕਥਨ ਨੂੰ ਗ਼ਲਤ ਸਮਿਝਆ ਗਿਆ ਹੈ। ਸਕੱਤਰ ਨੇ ਕਿਹਾ ਕਿ ਟਰੰਪ ਨੇ ਸਿਰਫ਼ ਸਕਾਰਾਤਮਕ ਗੱਲਾਂ ਦਾ ਜਵਾਬ ਦਿੱਤਾ ਸੀ, ਕਿਉਂਕਿ ਉਨ੍ਹਾਂ ਚੀਨ 'ਤੇ ਹੋਰ ਟੈਰਿਫ ਨਾ ਵਧਾ ਸਕਣ ਦਾ ਅਫਸੋਸ ਹੈ।

ਅਮਰੀਕਾ 'ਚ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਮੰਦੀ ਆਉਣ ਦੀ ਸ਼ੰਕਾ ਦਰਮਿਆਨ ਟਰੰਪ, ਕਾਨਫਰੰਸ ਰਾਹੀਂ ਦੁਨੀਆ ਭਰ ਦੇ ਨੇਤਾਵਾਂ ਨੂੰ ਅਰਥਚਾਰੇ 'ਚ ਤੇਜ਼ੀ ਲਿਆਉਣ ਲਈ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੇ ਸਨ। ਟਰੰਪ ਦੇ ਹਮਰੁਤਬਾ ਨੇਤਾ ਉਨ੍ਹਾਂ ਨੂੰ ਚੀਨ ਨਾਲ ਚੱਲ ਰਹੀ ਟ੍ਰੇਡ ਵਾਰ ਖ਼ਤਮ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜੀ-7 ਦੇਸ਼ਾਂ ਦੀ ਇਹ ਬੈਠਕ ਅਜਿਹੇ ਸਮੇਂ 'ਚ ਹੋ ਰਹੀ ਹੈ, ਜਦਕਿ ਚੀਨ ਤੇ ਅਮਰੀਕਾ ਦੋਵਾਂ ਨੇ ਇਕ ਦੂਜੇ 'ਤੇ ਟੈਰਿਫ ਵਧਾਉਣ ਦਾ ਐਲਾਨ ਕਰ ਦਿੱਤਾ ਹੈ।