ਕਾਬੁਲ (ਏਐੱਨਆਈ) : ਅਮਰੀਕਾ ਨੇ ਸ਼ਾਂਤੀ ਗੱਲਬਾਤ ਰੱਦ ਕਰਨ ਤੋਂ ਬਾਅਦ ਅਫ਼ਗਾਨਿਸਤਾਨ 'ਚ ਤਾਲਿਬਾਨ ਖ਼ਿਲਾਫ਼ ਫ਼ੌਜੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਉਸ ਨੇ ਅਫ਼ਗਾਨ ਬਲਾਂ ਨਾਲ ਸਾਂਝੀ ਮੁਹਿੰਮ 'ਚ ਤਾਲਿਬਾਨ ਦੇ ਕਰੀਬ 90 ਅੱਤਵਾਦੀ ਢੇਰ ਕਰ ਦਿੱਤੇ। 20 ਅੱਤਵਾਦੀਆਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।

ਅਫ਼ਗਾਨਿਸਤਾਨ ਦੇ ਦੱਖਣੀ ਪੂਰਬੀ ਸੂਬੇ ਪਕਤੀਕਾ 'ਚ ਐਤਵਾਰ ਨੂੰ ਤਾਲਿਬਾਨ ਖ਼ਿਲਾਫ਼ ਸਾਂਝੀ ਅੱਤਵਾਦ ਰੋਕੂ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ 'ਚ ਅਮਰੀਕਾ ਨੇ ਹਵਾਈ ਹਮਲੇ ਨਾਲ ਅਫ਼ਗਾਨ ਬਲਾਂ ਦੀ ਮਦਦ ਕੀਤੀ ਸੀ। ਅਫ਼ਗਾਨ ਨੈਸ਼ਨਲ ਆਰਮੀ ਕਾਰਪ ਦੇ ਤਰਜਮਾਨ ਨੇ ਦੱਸਿਆ ਕਿ ਸਾਂਝੀ ਮੁਹਿੰਮ ਦੌਰਾਨ 90 ਅੱਤਵਾਦੀ ਮਾਰੇ ਗਏ ਤੇ 20 ਜ਼ਖ਼ਮੀ ਹੋਏ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ 23 ਮੋਟਰਸਾਈਕਲ, ਇਕ ਟ੍ਰੈਕਟਰ ਤੇ ਕਈ ਹਥਿਆਰ ਵੀ ਤਬਾਹ ਕਰ ਦਿੱਤੇ। ਸ਼ਾਂਤੀ ਗੱਲਬਾਤ ਰੱਦ ਹੋਣ ਤੋਂ ਬਾਅਦ ਤਾਲਿਬਾਨ ਖ਼ਿਲਾਫ਼ ਅਮਰੀਕਾ ਦੀ ਇਹ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਹੀਨੇ ਦੇ ਸ਼ੁਰੂ 'ਚ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਉਸ ਸਮੇਂ ਰੱਦ ਕਰ ਦਿੱਤੀ ਸੀ, ਜਦੋਂ ਦੋਵੇਂ ਧਿਰਾਂ ਸਮਝੌਤੇ ਦੀ ਦਹਿਲੀਜ਼ 'ਤੇ ਪਹੁੰਚ ਗਈਆਂ ਸਨ। ਇਸਦੇ ਬਾਵਜੂਦ ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਹਮਲੇ 'ਚ ਕੋਈ ਕਮੀ ਨਹੀਂ ਆਈ ਸੀ।

ਸਾਮੰਗਨ 'ਚ ਵੀ 12 ਅੱਤਵਾਦੀ ਢੇਰ ਕੀਤੇ

ਅਫ਼ਗਾਨਿਸਤਾਨ ਦੇ ਸਾਮੰਗਨ ਸੂਬੇ 'ਚ ਵੀ ਤਾਲਿਬਾਨ ਖ਼ਿਲਾਫ਼ ਮੁਹਿੰਮ ਚਲਾਈ ਗਈ। ਇੱਥੇ ਕੀਤੇ ਗਏ ਹਵਾਈ ਹਮਲੇ 'ਚ ਤਾਲਿਬਾਨ ਗਰੁੱਪ ਕਮਾਂਡਰ ਮੁੱਲਾ ਨੂਰਉੱਦੀਨ ਸਮੇਤ 12 ਅੱਤਵਾਦੀ ਮਾਰੇ ਗਏ। ਅਫ਼ਗਾਨ ਫ਼ੌਜ ਦੇ ਤਰਜਮਾਨ ਮੁਹੰਮਦ ਹਨੀਫ ਨੇ ਕਿਹਾ ਕਿ ਦਾਰਾ-ਏ-ਪਿਆਨ ਜ਼ਿਲ੍ਹੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਜੰਗੀ ਜਹਾਜ਼ਾਂ ਨਾਲ ਐਤਵਾਰ ਸਵੇਰੇ ਉਨ੍ਹਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।