ਬੈਂਕਾਕ (ਰਾਇਟਰ) : ਥਾਈਲੈਂਡ ਦੇ ਵਿਵਾਦਤ ਬੋਧੀ ਮੱਠ ਤੋਂ ਹਟਾਏ ਗਏ 147 ਬਾਘਾਂ 'ਚੋਂ ਅੱਧੇ ਤੋਂ ਜ਼ਿਆਦਾ ਦੀ ਮੌਤ ਹੋ ਗਈ ਹੈ। ਸਾਲ 2016 'ਚ ਇਨ੍ਹਾਂ ਬਾਘਾਂ ਨੂੰ ਮੱਠ ਤੋਂ ਹਟਾਇਆ ਗਿਆ ਸੀ। ਮੱਠ 'ਤੇ ਬਾਘਾਂ ਸਮੇਤ ਹੋਰਨਾਂ ਪਸ਼ੂਆਂ ਦੀ ਸਮੱਗਿਲੰਗ ਕਰਨ ਦਾ ਦੋਸ਼ ਲੱਗਾ ਸੀ। ਇਕ ਸਮੇਂ ਸੈਲਾਨੀਆਂ ਵਿਚਕਾਰ ਲੋਕਪਿ੍ਆ ਰਹੇ ਕੰਚਨਬਰੀ ਸੂਬੇ 'ਚ ਸਥਿਤ ਵਾਟ ਪਾ ਲੁਆਂਗਟਾ ਬੁਆ ਮੱਠ ਨੇ ਬਾਘਾਂ ਦੀ ਮੌਤ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੱਠ ਦਾ ਕਹਿਣਾ ਹੈ ਕਿ ਛੋਟੇ ਜਿਹੇ ਪਿੰਜਰੇ 'ਚ ਬੰਦ ਕਰਨ ਨਾਲ ਬਾਘ ਦਮ ਤੋੜ ਰਹੇ ਹਨ। ਜਦਕਿ ਅਧਿਕਾਰੀਆਂ ਨੇ ਕਿਹਾ ਹੈ ਕਿ ਬਾਘ ਬਿਮਾਰੀ ਕਾਰਨ ਮਰੇ ਹਨ। ਵਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਸਰਕਾਰੀ ਵਣਜੀਵ ਰੱਖਾਂ 'ਚ ਰੱਖੇ ਗਏ 147 ਬਾਘਾਂ 'ਚੋਂ 86 ਦੀ ਮੌਤ ਹੋ ਚੁੱਕੀ ਹੈ। ਸਰਕਾਰੀ ਵਣਜੀਵ ਰੱਖਾਂ 'ਚ ਮੱਠ ਤੋਂ ਲਿਆਂਦੇ ਗਏ ਕਰੀਬ 400 ਹਿਰਨ, 300 ਤੋਂ ਵੱਧ ਮੋਰ, ਇਕ ਸ਼ੇਰ ਤੇ ਦੂਜੇ ਕਈ ਪਸ਼ੂ ਵੀ ਰੱਖੇ ਗਏ ਹਨ।

ਬਾਘਾਂ ਨਾਲ ਤਸਵੀਰਾਂ ਖਿਚਵਾਉਂਦੇ ਸਨ ਸੈਲਾਨੀ

ਇਸ ਬੋਧ ਮੱਠ 'ਚ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਸਨ। ਉਹ ਖੁੱਲ੍ਹੇ 'ਚ ਘੁੰਮਣ ਵਾਲੇ ਬਾਘਾਂ ਨਾਲ ਤਸਵੀਰਾਂ ਵੀ ਖਿਚਵਾਉਂਦੇ ਸਨ। ਇਸਦੇ ਲਈ ਸੈਲਾਨੀਆਂ ਤੋਂ ਫੀਸ ਵੀ ਵਸੂਲੀ ਜਾਂਦੀ ਸੀ। ਪਸ਼ੂਆਂ ਦੀ ਸਮੱਗਿਲੰਗ ਦੇ ਦੋਸ਼ ਲੱਗਣ ਤੋਂ ਬਾਅਦ ਮੱਠ 'ਤੇ 2016 'ਚ ਛਾਪਾ ਮਾਰਿਆ ਗਿਆ ਸੀ। ਛਾਪੇ ਦੌਰਾਨ 40 ਬਾਘ ਦੇ ਬੱਚਿਆਂ ਦੀਆਂ ਲਾਸ਼ਾਂ ਫ੍ਰੀਜ਼ਰ 'ਚ ਪਾਈਆਂ ਗਈਆਂ ਸਨ।