ਕਾਬੁਲ (ਆਈਏਐੱਨਐੱਸ) : ਅੱਤਵਾਦੀ ਜਮਾਤ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਪਕਤੀਆ ਸੂਬੇ ਤੋਂ ਪਿਛਲੇ ਦਿਨੀਂ ਅਗਵਾ ਕੀਤੇ ਸਾਰੇ ਛੇ ਪੱਤਰਕਾਰਾਂ ਨੂੰ ਛੱਡ ਦਿੱਤਾ ਹੈ। ਤਾਲਿਬਾਨ ਅੱਤਵਾਦੀਆਂ ਨੇ ਬੀਤੇ ਸ਼ੁੱਕਰਵਾਰ ਨੂੰ ਇਕ ਮੀਡੀਆ ਵਰਕਸ਼ਾਪ 'ਚ ਹਿੱਸਾ ਲੈਣ ਜਾ ਰਹੇ ਅਫ਼ਗਾਨ ਪੱਤਰਕਾਰਾਂ ਨੂੰ ਹਾਈਵੇ ਤੋਂ ਅਗਵਾ ਕਰ ਲਿਆ ਸੀ। ਤਾਲਿਬਾਨ ਨੇ ਇਨ੍ਹਾਂ ਲੋਕਾਂ 'ਤੇ ਅਫ਼ਗਾਨ ਸਰਕਾਰ ਦੀ ਮਦਦ ਕਰਨ ਦਾ ਦੋਸ਼ ਲਗਾਇਆ ਸੀ। ਸੂਬੇ ਦੀ ਪੁਲਿਸ ਨੇ ਪੱਤਰਕਾਰਾਂ ਦੀ ਰਿਹਾਈ ਦੀ ਪੁਸ਼ਟੀ ਕੀਤੀ ਹੈ। ਪੁਲਿਸ ਤਰਜਮਾਨ ਨੇ ਦੱਸਿਆ ਕਿ ਤਾਲਿਬਾਨ ਨੇ ਐਤਵਾਰ ਸਵੇਰੇ ਪੱਤਰਕਾਰਾਂ ਨੂੰ ਰਿਹਾਅ ਕਰ ਦਿੱਤਾ। ਸਾਰੇ ਪੱਤਰਕਾਰ ਸੁਰੱਖਿਅਤ ਹਨ ਤੇ ਹੁਣ ਆਪਣੇ ਘਰ ਜਾ ਰਹੇ ਹਨ।