ਕਾਬੁਲ (ਆਈਏਐੱਨਐੱਸ) : ਅਫ਼ਗਾਨਿਸਤਾਨ ਸਰਕਾਰ ਦੇ ਬੁਲਾਰੇ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਸ਼ਾਂਤੀ ਵਾਰਤਾ ਤੋਂ ਪਹਿਲੇ ਤਾਲਿਬਾਨ ਨੂੰ ਜੰਗਬੰਦੀ ਦਾ ਐਲਾਨ ਕਰਨਾ ਹੋਵੇਗਾ। ਉਨ੍ਹਾਂ ਦੋ ਟੁੱਕ ਕਿਹਾ ਕਿ ਜੇਕਰ ਅੱਤਵਾਦੀ ਜਮਾਤ ਅਜਿਹਾ ਨਹੀਂ ਕਰਦੀ ਹੈ ਤਾਂ ਅਫ਼ਗਾਨ ਸਰਕਾਰ ਨਾਲ ਵਾਰਤਾ ਨਹੀਂ ਹੋਵੇਗੀ।

ਰਾਸ਼ਟਰਪਤੀ ਭਵਨ ਦੇ ਬੁਲਾਰੇ ਸਾਦਿਕ ਸਿੱਦੀਕੀ ਨੇ ਕਿਹਾ ਕਿ ਤਾਲਿਬਾਨ ਵੱਲੋਂ ਜੰਗਬੰਦੀ ਦਾ ਐਲਾਨ ਕੀਤੇ ਬਿਨਾਂ ਨਾ ਤਾਂ ਲੰਬੇ ਸਮੇਂ ਤਕ ਖੇਤਰ ਵਿਚ ਸ਼ਾਂਤੀ ਰਹਿ ਸਕਦੀ ਹੈ ਅਤੇ ਨਾ ਹੀ ਹਿੰਸਾ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਆਵੇਗੀ। ਇਸ ਦੌਰਾਨ ਇਕ ਸੂਤਰ ਨੇ ਕਿਹਾ ਹੈ ਕਿ ਤਾਲਿਬਾਨ ਨੇ ਹਿੰਸਾ ਵਿਚ ਕਮੀ ਲਈ ਇਕ ਯੋਜਨਾ ਤਿਆਰ ਕੀਤੀ ਹੈ ਪ੍ਰੰਤੂ ਉਹ ਅਫ਼ਗਾਨ ਸਰਕਾਰ ਨਾਲ ਵਾਰਤਾ ਤੋਂ ਪਹਿਲੇ ਜੰਗਬੰਦੀ ਲਈ ਤਿਆਰ ਨਹੀਂ ਹਨ।

ਅਫ਼ਗਾਨਿਸਤਾਨ ਲਈ ਨਾਟੋ ਦੇ ਪ੍ਰਤੀਨਿਧੀ ਨਿਕੋਲਸ ਕਾਈ ਦਾ ਕਹਿਣਾ ਹੈ ਕਿ ਉਹ ਆਸ਼ਾਵਾਦੀ ਹਨ ਅਤੇ ਉਮੀਦ ਕਰਦੇ ਹਨ ਕਿ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਸ਼ਾਂਤੀ ਵਾਰਤਾ ਅੱਗੇ ਵਧੇਗੀ ਅਤੇ ਉਸ ਤੋਂ ਅਫ਼ਗਾਨ ਸਰਕਾਰ ਨਾਲ ਅੱਤਵਾਦੀ ਜਮਾਤ ਦੀ ਵਾਰਤਾ ਦਾ ਰਸਤਾ ਖੁੱਲ੍ਹ ਜਾਏਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਸ਼ਾਂਤੀ ਪ੍ਰਕਿਰਿਆ ਦੇ ਪੱਖ ਵਿਚ ਇਕ ਮਜ਼ਬੂਤ ਖੇਤਰੀ ਸਹਿਮਤੀ ਬਣੀ ਹੈ ਅਤੇ ਵਰਤਮਾਨ ਸਮੇਂ ਵਿਚ ਇਸ ਖੇਤਰ ਵਿਚ ਸੁਰੱਖਿਆ ਬਲ ਪਹਿਲੇ ਤੋਂ ਕਿਤੇ ਜ਼ਿਆਦਾ ਮਜ਼ਬੂਤ ਹਨ। ਸ਼ਾਂਤੀ ਵਾਰਤਾ ਨਾਲ ਜੁੜੇ ਇਕ ਹੋਰ ਸੂਤਰ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਅਮਰੀਕਾ ਦੇ ਵਿਸ਼ੇਸ਼ ਦੂਤ ਜਾਲਮੇ ਖਲੀਲਜ਼ਾਦ ਪਿਛਲੇ ਇਕ ਹਫ਼ਤੇ ਤੋਂ ਕਤਰ ਵਿਚ ਹਨ। ਇਸ ਦੌਰਾਨ ਉਨ੍ਹਾਂ ਦੀ ਤਾਲਿਬਾਨ ਦੇ ਉਪ ਨੇਤਾ ਅਬਦੁੱਲ ਗਨੀ ਬਰਾਦਰ ਨਾਲ ਗ਼ੈਰ-ਰਸਮੀ ਗੱਲਬਾਤ ਵੀ ਹੋਈ ਹੈ।

ਸੂਤਰਾਂ ਮੁਤਾਬਿਕ ਅਫ਼ਗਾਨ ਸਰਕਾਰ ਦੇ ਆਗੂਆਂ ਨਾਲ ਹਿੰਸਾ ਨੂੰ ਘੱਟ ਕਰਨ ਲਈ ਖਲੀਲਜ਼ਾਦ ਜਲਦੀ ਹੀ ਕਾਬੁਲ ਦਾ ਦੌਰਾ ਕਰਨਗੇ। ਦੱਸਣਯੋਗ ਹੈ ਕਿ ਅਫ਼ਗਾਨਿਸਤਾਨ ਦੇ ਸੰਕਟ ਨੂੰ ਹੱਲ ਕਰਨ ਲਈ ਅਕਤੂਬਰ 2018 ਵਿਚ ਦੋਹਾ ਵਿਚ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਵਾਰਤਾ ਹੋਈ ਸੀ ਪ੍ਰੰਤੂ ਪਿਛਲੇ ਸਾਲ ਸਤੰਬਰ ਵਿਚ ਇਕ ਕਾਰ ਬੰਬ ਧਮਾਕੇ ਪਿੱਛੋਂ ਇਹ ਪਟੜੀ ਤੋਂ ਉਤਰ ਗਈ ਸੀ। ਸੱਤ ਦਸੰਬਰ, 2019 ਨੂੰ ਵਾਰਤਾ ਫਿਰ ਸ਼ੁਰੂ ਹੋਈ ਪ੍ਰੰਤੂ ਬਗਰਾਮ ਹਮਲੇ ਪਿੱਛੋਂ ਇਹ ਫਿਰ ਤੋਂ ਰੁਕ ਗਈ।