ਹੇਰਾਟ (ਏਐੱਨਆਈ) : ਜੰਗ ਪੀੜਤ ਅਫ਼ਗਾਨਿਸਤਾਨ ਦੇ ਬਾਘਲਾਨ ਤੇ ਹੇਰਾਟ ਖੇਤਰ 'ਚ ਮੰਗਲਵਾਰ ਨੂੰ ਹੋਏ ਹਵਾਈ ਹਮਲੇ 'ਚ ਤਾਲਿਬਾਨੀ ਅੱਤਵਾਦੀ ਮੁੱਲਾ ਇਦਰੀਸ ਤੇ ਸੰਗਠਨ ਦੇ 36 ਹੋਰਨਾਂ ਮੈਂਬਰਾਂ ਦੀ ਮੌਤ ਹੋ ਗਈ।

ਖੇਤਰੀ ਪੁਲਿਸ ਮੁਖੀ ਜਨਰਲ ਅਮੀਨਉੱਲ੍ਹਾ ਅਮਰਖਿਲ ਦੇ ਹਵਾਲੇ ਨਾਲ ਟੋਲੋ ਨਿਊਜ਼ ਨੇ ਦੱਸਿਆ, ਛੇ ਸਾਥੀਆਂ ਸਮੇਤ ਇਦਰੀਸ ਹੇਰਾਟ 'ਚ ਮਾਰਿਆ ਗਿਆ। ਅਫ਼ਗਾਨਿਸਤਾਨ ਦੇ ਗ੍ਹਿ ਮੰਤਰਾਲੇ ਦੇ ਹਵਾਲੇ ਨਾਲ ਉਸ ਨੇ ਦੱਸਿਆ ਕਿ ਸੋਮਵਾਰ ਨੂੰ ਬਾਘਲਾਨ ਖੇਤਰ 'ਚ ਅਫ਼ਗਾਨੀ ਫ਼ੌਜ ਦੇ ਆਪਰੇਸ਼ਨ 'ਚ 30 ਤਾਲਿਬਾਨੀ ਅੱਤਵਾਦੀ ਮਾਰੇ ਗਏ।

ਜ਼ਿਕਰਯੋਗ ਹੈ ਕਿ ਕਾਬੁਲ 'ਚ ਹੋਏ ਅੱਤਵਾਦੀ ਹਮਲੇ 'ਚ ਅਮਰੀਕੀ ਫ਼ੌਜੀ ਸਮੇਤ 12 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਂਪ ਡੇਵਿਡ 'ਚ ਪ੍ਰਸਤਾਵਿਤ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਕਰ ਦਿੱਤੀ ਸੀ। ਤਾਲਿਬਾਨ ਨੇ ਐਤਵਾਰ ਨੂੰ ਇਸ ਨੂੰ ਹੈਰਾਨੀਜਨਕ ਦੱਸਿਆ ਸੀ।

ਤਾਲਿਬਾਨ ਨੇ ਯਾਂਗੀ ਜ਼ਿਲ੍ਹੇ 'ਤੇ ਕੀਤਾ ਕਬਜ਼ਾ

ਅਫ਼ਗਾਨੀ ਫ਼ੌਜ ਨਾਲ ਦੋ ਦਿਨਾਂ ਦੇ ਸੰਘਰਸ਼ ਤੋਂ ਬਾਅਦ ਤਾਲਿਬਾਨ ਨੇ ਤਾਖਰ ਸਥਿਤ ਉੱਤਰੀ ਸੂਬੇ ਦੇ ਯਾਂਗੀ ਕਲਾ ਜ਼ਿਲ੍ਹੇ 'ਤੇ ਕਬਜ਼ਾ ਕਰ ਲਿਆ। ਸ਼ਿਨਹੁਆ ਨੂੰ ਇਕ ਅਫ਼ਗਾਨੀ ਅਧਿਕਾਰੀ ਨੇ ਦੱਸਿਆ, 'ਤਾਲਿਬਾਨੀ ਅੱਤਵਾਦੀਆਂ ਨੇ 24 ਘੰਟਿਆਂ ਤੋਂ ਜ਼ਿਆਦਾ ਸਮੇਂ ਤਕ ਗੋਲ਼ੀਬਾਰੀ ਜਾਰੀ ਰੱਖੀ। ਮੰਗਲਵਾਰ ਤੜਕੇ ਉਨ੍ਹਾਂ ਸੁਰੱਖਿਆ ਬਲਾਂ ਨੂੰ ਖਦੇੜਦਿਆਂ ਜ਼ਿਲ੍ਹਾ ਹੈੱਡਕੁਆਰਟਰ 'ਤੇ ਕਬਜ਼ਾ ਜਮਾ ਲਿਆ। ਸੂਬਾਈ ਗਵਰਨਰ ਦੇ ਤਰਜਮਾਨ ਮੁਹੰਮਦ ਜਵਾਦ ਹਿਜਰੀ ਨੇ ਦੱਸਿਆ ਕਿ ਤਾਲਿਬਾਨੀਆਂ ਨੇ ਦੋ ਦਿਨ ਪਹਿਲਾਂ ਜ਼ਿਲ੍ਹੇ 'ਤੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਤੇ ਵਾਪਸ ਕਬਜ਼ੇ ਦੀ ਕੋਸ਼ਿਸ਼ ਜਾਰੀ ਹੈ। ਸੰਘਰਸ਼ 'ਚ ਤਾਲਿਬਾਨੀ ਕਮਾਂਡਰ ਮੁੱਲਾ ਇਮਾਮਉੱਦੀਨ ਸਮੇਤ 28 ਅੱਤਵਾਦੀ ਮਾਰੇ ਗਏ ਹਨ।