ਤਾਇਪੇ (ਏਪੀ) : ਤਾਇਵਾਨ 'ਚ ਰਾਸ਼ਟਰਪਤੀ ਅਤੇ ਸੰਸਦੀ ਚੋਣ ਦੇ ਤੁਰੰਤ ਬਾਅਦ ਫ਼ੌਜੀ ਅਭਿਆਸ ਸ਼ੁਰੂ ਹੋ ਗਿਆ ਹੈ। ਤਾਇਵਾਨ ਦੀ ਜਲ ਸੈਨਾ ਨੇ ਵੀਰਵਾਰ ਨੂੰ ਛੋਟੇ ਹਥਿਆਰਾਂ ਨਾਲ ਆਹਮੋ-ਸਾਹਮਣੇ ਦੀ ਲੜਾਈ ਦਾ ਅਭਿਆਸ ਕੀਤਾ। ਇਸ ਤੋਂ ਪਹਿਲੇ ਹਵਾਈ ਫ਼ੌਜ ਨੇ ਆਪਣੀ ਜੰਗ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਸੀ। ਅਮਰੀਕਾ ਤੋਂ ਆਧੁਨਿਕ ਐੱਫ-16 ਲੜਾਕੂ ਜਹਾਜ਼ਾਂ ਦੀ ਖ਼ਰੀਦਦਾਰੀ ਕਰ ਰਿਹਾ ਤਾਇਵਾਨ ਗੁਆਂਢੀ ਚੀਨ ਤੋਂ ਰੱਖਿਆ ਨੂੰ ਲੈ ਕੇ ਮਜ਼ਬੂਤੀ ਨਾਲ ਕਦਮ ਅੱਗੇ ਵਧਾ ਰਿਹਾ ਹੈ।

ਹਾਲੀਆ ਚੋਣ ਵਿਚ ਤਾਇਵਾਨ ਦੀ ਆਜ਼ਾਦੀ ਦੀ ਗੱਲ ਕਰਨ ਵਾਲੀ ਰਾਸ਼ਟਰਪਤੀ ਸਾਈ ਈਂਗ-ਵੇਨ ਨੇ ਫਿਰ ਜਿੱਤ ਦਰਜ ਕੀਤੀ ਹੈ। ਸਾਈ ਦੀ ਜਿੱਤ ਨੂੰ ਚੀਨ ਦੀ ਤਾਇਵਾਨ ਨਾਲ ਸਬੰਧਿਤ ਰਣਨੀਤੀ ਦੀ ਹਾਰ ਮੰਨਿਆ ਜਾ ਰਿਹਾ ਹੈ। ਤਾਇਵਾਨ ਨੂੰ ਆਪਣਾ ਹਿੱਸਾ ਮੰਨਣ ਵਾਲਾ ਚੀਨ ਉਸ ਨੂੰ ਆਪਣੇ ਨਾਲ ਮਿਲਾਉਣ ਲਈ ਫ਼ੌਜੀ ਕਾਰਵਾਈ ਦੀ ਧਮਕੀ ਦਿੰਦਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਲੋਕਤੰਤਿ੍ਕ ਤਾਇਵਾਨ ਆਪਣੀ ਫ਼ੌਜੀ ਸਮਰੱਥਾ ਮਜ਼ਬੂਤ ਕਰਨ ਵਿਚ ਲੱਗਾ ਹੈ। ਇਸ ਦੇ ਮੱਦੇਨਜ਼ਰ ਉਹ ਅਮਰੀਕਾ ਤੋਂ ਐੱਫ-16 ਲੜਾਕੂ ਜਹਾਜ਼ ਖ਼ਰੀਦ ਰਿਹਾ ਹੈ।