ਬੀਜਿੰਗ (ਏਜੰਸੀਆਂ) : ਚੀਨ ਨੇ ਤਜਰਬੇਕਾਰ ਕੂਟਨੀਤਕ ਸੁਨ ਵੀਦੋਂਗ ਨੂੰ ਭਾਰਤ 'ਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਭਾਰਤ ਦੇ ਨਵੇਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਕੰਮ ਕਰਨ ਦਾ ਤਜਰਬਾ ਹੈ। ਜੈਸ਼ੰਕਰ ਜਦੋਂ ਚੀਨ 'ਚ ਭਾਰਤ ਦੇ ਰਾਜਦੂਤ ਸਨ ਤਾਂ ਵੀਦੋਂਗ ਚੀਨੀ ਵਿਦੇਸ਼ ਮੰਤਰਾਲੇ ਦੇ ਨੀਤੀ ਯੋਜਨਾ ਵਿਭਾਗ 'ਚ ਡਿਪਟੀ ਡਾਇਰੈਕਟਰ ਸਨ। ਇਸ ਸਮੇਂ ਉਹ ਇਸੇ ਵਿਭਾਗ 'ਚ ਡਾਇਰੈਕਟਰ ਜਨਰਲ ਹਨ। ਜੈਸ਼ੰਕਰ 2009 ਤੋਂ 2013 ਤਕ ਚੀਨ 'ਚ ਭਾਰਤ ਦੇ ਰਾਜਦੂਤ ਰਹੇ ਸਨ।

ਵੀਦੋਂਗ ਪਾਕਿਸਤਾਨ 'ਚ ਵੀ ਚੀਨ ਦੇ ਰਾਜਦੂਤ ਰਹਿ ਚੁੱਕੇ ਹਨ। ਉਹ ਭਾਰਤ 'ਚ ਲੁਓ ਝੇਹੁਈ ਦੀ ਥਾਂ ਲੈਣਗੇ। ਲੁਓ ਨੂੰ ਉਪ ਵਿਦੇਸ਼ ਮੰਤਰੀ ਬਣਾ ਦਿੱਤਾ ਗਿਆ ਹੈ। ਵੀਦੋਂਗ ਨੂੰ ਦੱਖਣੀ ਏਸ਼ਿਆਈ ਮਾਮਲਿਆਂ ਦਾ ਮਾਹਿਰ ਮੰਨਿਆ ਜਾਂਦਾ ਹੈ। ਬੀਜਿੰਗ 'ਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਕਿਹਾ ਕਿ ਵੀਦੋਂਗ ਦੀ ਨਿਯੁਕਤੀ 'ਤੇ ਭਾਰਤ ਦੀ ਸਹਿਮਤੀ ਨਾਲ ਚੀਨ ਨੂੰ ਜਾਣੂ ਕਰਾ ਦਿੱਤਾ ਗਿਆ ਹੈ। ਚੀਨ 'ਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਨੇ ਵੀਦੋਂਗ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਚੀਨ ਦੇ ਨਵੇਂ ਰਾਜਦੂਤ ਦੇ ਤੌਰ 'ਤੇ ਨਿਯੁਕਤ ਕੀਤੇ ਜਾਣ 'ਤੇ ਸੁਨ ਵੀਦੋਂਗ ਨੂੰ ਵਧਾਈ ਦਿੰਦਾ ਹਾਂ। ਦੂਤਘਰ ਨੇ ਇਹ ਵੀ ਕਿਹਾ ਕਿ ਮਿਸਰੀ ਨੇ ਭਾਰਤ 'ਚ ਰਾਜਦੂਤ ਰਹੇ ਲੁਓ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਉਪ ਵਿਦੇਸ਼ ਮੰਤਰੀ ਬਣਾਏ ਜਾਣ 'ਤੇ ਵਧਾਈ ਦਿੱਤੀ।