ਦੁਬਈ (ਏਪੀ) : ਸਾਊਦ ਅਰਬ ਦੇ ਰਾਜਾ ਸਲਮਾਨ ਨੇ ਐਤਵਾਰ ਨੂੰ ਆਪਣੇ ਊਰਜਾ ਮੰਤਰੀ ਨੂੰ ਹਟਾਉਂਦੇ ਹੋਏ ਆਪਣੇ ਇਕ ਪੁੱਤਰ ਪ੍ਰਿੰਸ ਅਬਦੁਲ ਅਜੀਜ ਬਿਨ ਸਲਮਾਨ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ। ਊਰਜਾ ਮੰਤਰਾਲਾ ਦੇਸ਼ ਦੇ ਸਭ ਤੋਂ ਅਹਿਮ ਵਿਭਾਗਾਂ 'ਚੋਂ ਇਕ ਹੈ।

ਨਵੇਂ ਊਰਜਾ ਮੰਤਰੀ ਅਬਦੁਲ ਅਜੀਜ 34 ਸਾਲਾ ਕ੍ਰਾਊਨ ਪਿ੍ਰੰਸ ਮੁਹੰਮਦ ਬਿਨ ਸਲਮਾਨ ਦੇ ਮਤਰੇਏ ਭਰਾ ਹਨ। ਉਹ ਖਾਲਿਦ ਅਲ ਫਲਿਹ ਦਾ ਸਥਾਨ ਲੈਣਗੇ ਜੋ ਸਾਲ 2016 ਤੋਂ ਇਸ ਅਹੁਦੇ 'ਤੇ ਕਾਬਿਜ਼ ਸਨ। ਪ੍ਰਿੰਸ ਅਬਦੁਲ ਅਜੀਜ ਕੋਲ ਸਾਊਦੀ ਅਰਬ ਦੇ ਊਰਜਾ ਖੇਤਰ ਦਾ ਲੰਬਾ ਤੇ ਗਹਿਰਾ ਤਜੁਰਬਾ ਹੈ। ਊਰਜਾ ਮੰਤਰਾਲੇ ਲਈ ਸੁਰੱਖਿਅਤ ਤੇ ਸਹੀ ਬਦਲ ਮੰਨੇ ਜਾਣ ਵਾਲੇ ਅਬਦੁਲ ਅਜੀਜ ਦੁਨੀਆ ਦੇ ਸਭ ਤੋਂ ਵੱਡੇ ਤੇਲ ਬਰਾਮਦਕਾਰ ਦੇਸ਼ ਦੇ ਉਤਪਾਦਨ ਦੀ ਨਿਗਰਾਨੀ ਕਰਨਗੇ। ਹਾਲਾਂਕਿ, ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਅਹਿਮ ਤੇ ਸ਼ਕਤੀਸ਼ਾਲੀ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਪਰ ਉਹ ਕ੍ਰਾਊਨ ਪਿ੍ਰੰਸ ਮੁਹੰਮਦ ਦੇ ਕਰੀਬੀ ਨਹੀਂ ਹਨ। ਕ੍ਰਾਊਨ ਪਿ੍ਰੰਸ ਰਾਜਾ ਸਲਮਾਨ ਦੇ ਸਭ ਤੋਂ ਸ਼ਕਤੀਸ਼ਾਲੀ ਪੁੱਤਰ ਹਨ। ਇਹ ਪਹਿਲਾ ਮੌਕਾ ਹੈ ਜਦੋਂ ਰਾਜ ਪਰਿਵਾਰ ਦਾ ਕੋਈ ਪਿ੍ਰੰਸ ਊਰਜਾ ਮੰਤਰਾਲੇ ਦੀ ਅਗਵਾਈ ਕਰੇਗਾ।