ਮਾਸਕੋ (ਰਾਇਟਰ) : ਰੂਸ ਦੀ ਰਾਜਧਾਨੀ ਮਾਸਕੋ ਦੀਆਂ ਨਗਰ ਨਿਗਮ ਚੋਣਾਂ 'ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸੱਤਾਧਾਰੀ ਯੂਨਾਈਟਿਡ ਰੂਸ ਪਾਰਟੀ ਬੇਸ਼ੱਕ ਮੁੜ ਬਹੁਮਤ ਹਾਸਲ ਕਰਨ 'ਚ ਸਫਲ ਹੋ ਗਈ, ਪਰ ਉਸ ਦੀਆਂ ਕਰੀਬ ਇਕ ਤਿਹਾਈ ਸੀਟਾਂ ਘੱਟ ਹੋ ਗਈਆਂ। ਇਸ ਨੂੰ ਪੁਤਿਨ ਸਮਰਥਕਾਂ ਲਈ ਕਰਾਰੀ ਹਾਰ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ ਕਿਉਂਕਿ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਚੋਣ ਲੜਨ ਤੋਂ ਰੋਕ ਦਿੱਤਾ ਗਿਆ ਸੀ।

ਮਾਸਕੋ ਸਮੇਤ ਦੇਸ਼ ਭਰ 'ਚ ਬੀਤੇ ਐਤਵਾਰ ਨੂੰ ਸਥਾਨਕ ਚੋਣਾਂ ਕਰਵਾਈਆਂ ਗਈਆਂ। ਯੂਨਾਈਟਿਡ ਰੂਸ ਦਾ ਮਾਸਕੋ ਨੂੰ ਛੱਡ ਕੇ ਬਾਕੀ ਸ਼ਹਿਰਾਂ 'ਚ ਚੰਗਾ ਪ੍ਰਦਰਸ਼ਨ ਰਿਹਾ। ਮਾਸਕੋ ਦੀ ਚੋਣ 'ਤੇ ਲੋਕਾਂ ਦੀ ਖ਼ਾਸ ਨਜ਼ਰ ਸੀ। ਕਈ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਚੋਣ ਲੜਨ ਤੋਂ ਰੋਕੇ ਜਾਣ 'ਤੇ ਸ਼ਹਿਰ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਵੀ ਹੋਏ ਸਨ। ਇਸ ਚੋਣ 'ਚ ਹਾਲਾਂਕਿ ਯੂਨਾਈਟਿਡ ਰੂਸ ਸਿੱਧੇ ਨਹੀਂ ਉਤਰੀ ਸੀ। ਉਸ ਨੇ ਆਜ਼ਾਦ ਉਮੀਦਵਾਰ ਉਤਾਰੇ ਸਨ। ਆਰਆਈਏ ਨਿਊਜ਼ ਏਜੰਸੀ ਮੁਤਾਬਕ, ਪਿਛਲੀਆਂ ਚੋਣਾਂ 'ਚ ਯੂਨਾਈਟਿਡ ਰੂਸ ਦੇ ਖਾਤੇ 'ਚ ਜਿੰਨੀਆਂ ਸੀਟਾਂ ਆਈਆਂ ਸਨ, ਉਨ੍ਹਾਂ 'ਚੋਂ ਕਰੀਬ ਇਕ ਤਿਹਾਈ ਸੀਟਾਂ ਉਹ ਇਸ ਵਾਰ ਹਾਰ ਗਈ। ਯੂਨਾਈਟਿਡ ਰੂਸ ਸਮਰਥਿਤ 26 ਉਮੀਦਵਾਰਾਂ ਨੂੰ ਹੀ ਜਿੱਤ ਮਿਲੀ। ਕਮਿਊਨਿਸਟ ਪਾਰਟੀ ਦੇ ਖ਼ਾਤੇ 'ਚ 13 ਸੀਟਾਂ ਆਈਆਂ ਹਨ। ਦੋ ਹੋਰ ਵਿਰੋਧੀ ਦਲਾਂ ਦੇ ਤਿੰਨ-ਤਿੰਨ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਸਾਲ 2014 ਦੀਆਂ ਚੋਣਾਂ 'ਚ ਮਾਸਕੋ ਨਗਰ ਨਿਗਮ ਦੀਆਂ 45 ਸੀਟਾਂ 'ਚੋਂ 38 'ਤੇ ਯੂਨਾਈਟਿਡ ਰੂਸ ਤੇ ਇਸ ਦੇ ਸਮਰਥਕਾਂ ਨੇ ਕਬਜ਼ਾ ਕੀਤਾ ਸੀ। ਪੁਤਿਨ ਦੇ ਤਰਜਮਾਨ ਦਮਿਤਰੀ ਪੇਸਕੋਵ ਨੇ ਕਿਹਾ ਕਿ ਮਾਸਕੋ 'ਚ ਝਟਕਾ ਲੱਗਣ ਦੇ ਬਾਵਜੂਦ ਯੂਨਾਈਟਿਡ ਰੂਸ ਨੇ ਦੇਸ਼ ਭਰ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ।