ਅਵਤਾਰ ਸਿੰਘ ਟਹਿਣਾ, ਆਕਲੈਂਡ : ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਤੇ ਸਾਹਿਤਕ ਸਰਗਰਮੀਆਂ ਪ੍ਰਤੀ ਸਮਰਪਿਤ ਰਹਿਣ ਵਾਲੀ ਸਾਹਿਤਕ ਸੱਥ ਨਿਊਜ਼ੀਲੈਂਡ ਨੇ ਹੈਮਿਲਟਨ ਸ਼ਹਿਰ 'ਚ ਪੰਜਾਬ ਦਿਹਾੜਾ ਮਨਾਇਆ। ਇਸ ਦੌਰਾਨ ਮਾਂ-ਬੋਲੀ ਤੇ ਆਪਣੀ ਮਿੱਟੀ ਦਾ ਮੋਹ ਰੱਖਣ ਵਾਲੇ ਪੰਜਾਬੀ ਪਿਆਰਿਆਂ ਨੇ ਆਪਣੀਆਂ ਰਚਨਾਵਾਂ ਨਾਲ ਪੰਜਾਬ ਅਤੇ ਸਮਾਜ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਅਹਿਸਾਸ ਸਾਂਝੇ ਕੀਤੇ। ਇਸ ਮੌਕੇ ਆਸਟਰੇਲੀਆ-ਨਿਊਜ਼ੀਲੈਂਡ ਨੂੰ ਕਰਮ-ਭੂਮੀ ਬਣਾਉਣ ਵਾਲੇ ਦੋ ਸ਼ਾਇਰਾਂ ਦੀਆਂ ਕਿਤਾਬਾਂ ਵੀ ਲੋਕ ਅਰਪਿਤ ਕੀਤੀਆਂ ਗਈਆਂ।

ਗੁਲਮੋਹਰ ਰੈਸਟੋਰੈਂਟ 'ਚ ਸਮਾਗਮ ਦੀ ਸ਼ੁਰੂਆਤ ਸਾਹਿਤਕ ਸੱਥ ਦੇ ਪ੍ਰਧਾਨ ਜੱਗੀ ਜੌਹਲ ਨੇ ਹਾਜ਼ਰੀਨ ਸਰੋਤਿਆਂ ਦੇ ਸਵਾਗਤ ਨਾਲ ਕੀਤੀ। ਜਿਸ ਪਿੱਛੋਂ ਪ੍ਰੀਤ ਸੈਣੀ, ਮੁਖਤਿਆਰ ਸਿੰਘ, ਜਲਾਵਰ ਸਿੰਘ ਕਰਮਜੀਤ ਅਕਲੀਆ, ਤਰਨਦੀਪ ਬਿਲਾਸਪੁਰ ਨੇ ਕਵਿਤਾਵਾਂ ਤੇ ਗ਼ਜ਼ਲਾਂ ਨਾਲ ਭਰਵੀਂ ਹਾਜ਼ਰੀ ਲਵਾਈ। ਜੱਗੀ ਜੌਹਲ ਨੇ ਵੀ ਆਪਣੀ ਰਚਨਾ ਸਾਂਝੀ ਕੀਤੀ। ਆਜ਼ਾਦ ਰੰਗ ਮੰਚ ਦੇ ਸੰਚਾਲਕ ਨੌਜਵਾਨ ਮਨਦੀਪ ਨੇ ਲਘੂ ਨਾਟਕ ਖੇਡਿਆ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਾਈ। ਨੌਜਵਾਨ ਗਾਇਕ ਸੱਤੇ ਵੈਰੋਵਾਲੀਆ, ਜੋਤੀ ਵਿਰਕ ਤੇ ਦਵਿੰਦਰ ਢਿੱਲੋਂ ਨੇ ਤੁਰੰਨਮ 'ਚ ਆਪਣੇ ਗੀਤਾਂ ਨਾਲ ਸਾਂਝ ਪਾਈ।


ਇਸੇ ਦੌਰਾਨ ਪ੍ਰਬੰਧਕਾਂ ਨੇ ਨੌਜਵਾਨ ਸ਼ਾਇਰ ਤਰਨਦੀਪ ਬਿਲਾਸਪੁਰ ਦੀ ਕਿਤਾਬ ਸੁਪਨ ਸਕੀਰੀ' ਲੋਕ ਅਰਪਣ ਕੀਤੀ ਜਿਸ ਦੇ ਬਾਬਤ ਸੱਥ ਦੇ ਸਕੱਤਰ ਕਰਮਜੀਤ ਅਕਲੀਆ ਨੇ ਆਪਣੇ ਵਿਚਾਰ ਰੱਖੇ। ਇਸ ਦੇ ਨਾਲ ਹੀ ਗੁਆਂਢੀ ਮੁਲਕ ਆਸਟ੍ਰੇਲੀਆ 'ਚ ਪਿਛਲੇ ਸਮੇਂ ਦੌਰਾਨ ਨਸਲੀ ਹਿੰਸਾ ਦੇ ਸ਼ਿਕਾਰ ਹੋਏ ਨੌਜਵਾਨ ਮਨਮੀਤ ਅਲੀਸ਼ੇਰ ਨੂੰ ਸਮਰਪਿਤ ਸਤਪਾਲ ਭੀਖੀ ਤੇ ਡਾਕਟਰ ਸੁਮੀਤ ਸ਼ੰਮੀ ਦੁਆਰਾ ਸੰਪਾਦਿਤ ਕਿਤਾਬ 'ਅਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀਸ਼ੇਰ' ਨੂੰ ਵੀ ਲੋਕਾਂ ਦੀ ਝੋਲੀ ਪਾਇਆ ਗਿਆ। ਤਰਨਦੀਪ ਬਿਲਾਸਪੁਰ ਨੇ ਇਸ ਮੌਕੇ ਮਨਮੀਤ ਅਲੀਸ਼ੇਰ ਦੀ ਸ਼ਖਸੀਅਤ ਬਾਬਤ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ ਜਿਸ ਨਾਲ ਸਮੁੱਚਾ ਮਾਹੌਲ ਭਾਵੁਕ ਬਣ ਗਿਆ।


ਸਮਾਗਮ ਵਿਚ ਆਕਲੈਂਡ, ਹੈਮਿਲਟਨ ਤੋਂ ਇਲਾਵਾ ਟੌਰੰਗਾ ਤੋਂ ਵੀ ਪੰਜਾਬੀ ਪਿਆਰਿਆਂ ਨੇ ਭਾਗ ਲਿਆ। ਤਿੰਨ ਘੰਟੇ ਦੇ ਇਸ ਸਮਾਗਮ ਵਿਚ ਪ੍ਰਬੰਧਕਾਂ ਵੱਲੋਂ ਹਰ ਰੰਗ ਭਰਨ ਦੀ ਕੋਸ਼ਿਸ ਕੀਤੀ ਗਈ। ਹੈਮਿਲਟਨ ਦੀ ਮਲਟੀਕਲਚਰਲ ਸੰਸਥਾ ਦੇ ਪ੍ਰਧਾਨ ਰਵਿੰਦਰ ਸਿੰਘ ਪੁਆਰ ਅਤੇ ਗੁਰਪ੍ਰੀਤ ਨਾਗਰਾ ਨੇ ਵੀ ਪੰਜਾਬ ਦੇ ਸੰਦਰਭ ਵਿਚ ਆਪਣੇ ਵਿਚਾਰ ਰੱਖੇ। ਪ੍ਰਬੰਧਕਾਂ ਅਨੁਸਾਰ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਟਰੱਸਟ ਮੈਂਬਰ ਵਰਿੰਦਰ ਸਿੱਧੂ, ਖੁਸ਼ਮੀਤ ਸਿੱਧੂ ਤੇ ਹੈਰੀ ਭਲੂਰ ਦਾ ਅਹਿਮ ਯੋਗਦਾਨ ਸੀ। ਸੰਸਥਾ ਦੇ ਜਰਨਲ ਸਕੱਤਰ ਕਰਮਜੀਤ ਅਕਲੀਆ ਸਟੇਜ ਨੇ ਸਮੁੱਚੀ ਕਾਰਵਾਈ ਵਧੀਆ ਢੰਗ ਨਾਲ ਨਿਭਾਈ।

ਇਸ ਮੌਕੇ ਪਰਮਿੰਦਰ ਕੌਰ ਗਿੱਲ, ਹਰਜੀਤ ਕੌਰ, ਗੁਰਪ੍ਰੀਤ ਸਿੰਘ ਗਿੱਲ, ਰਣਜੀਤ ਸਿੰਘ, ਹੈਪੀ ਸਿੰਘ, ਹਰਿੰਦਰ ਮਾਨ, ਹਰਮਨ ਬਰਾੜ ਪੱਤੋ, ਮਨੀ ਸਿੱਧੂ, ਜਸਮੀਤ ਬਾਜਵਾ, ਬਲਜੀਤ ਖਹਿਰਾ ਦੀ ਟੀਮ ਸਮੇਤ ਹੋਰ ਪੰਜਾਬੀ ਪ੍ਰੇਮੀ ਵੀ ਹਾਜ਼ਿਰ ਸਨ।

Posted By: Seema Anand