ਮਾਸਕੋ (ਏਐੱਫਪੀ) : ਰੂਸ ਤੇ ਯੂਕ੍ਰੇਨ ਵਿਚਕਾਰ ਨਵੇਂ ਸਿਰੇ ਤੋਂ ਸ਼ਾਂਤੀ ਵਾਰਤਾ ਦੀ ਤਿਆਰੀ ਹੋ ਰਹੀ ਹੈ। ਦੋਵਾਂ ਦੇਸ਼ਾਂ ਵਿਚਕਾਰ 70 ਕੈਦੀਆਂ ਦੀ ਅਦਲਾ ਬਦਲੀ ਤੋਂ ਬਾਅਦ ਦੁਬਾਰਾ ਸ਼ਾਂਤੀ ਵਾਰਤਾ ਦੇ ਆਸਾਰ ਬਣੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜੈਲੇਂਸਕੀ ਨੇ ਸ਼ਨਿਚਰਵਾਰ ਨੂੰ ਫੋਨ 'ਤੇ ਸ਼ਾਂਤੀ ਵਾਰਤਾ ਨੂੰ ਲੈ ਕੇ ਚਰਚਾ ਕੀਤੀ। ਜੈਲੇਂਸਕੀ ਦੇ ਦਫ਼ਤਰ ਮੁਤਾਬਕ, ਦੋਵੇਂ ਆਗੂ ਕੈਦੀਆਂ ਦੀ ਅਦਲਾ ਬਦਲੀ ਨੂੰ ਲੈ ਕੇ ਹੋਏ ਸਮਝੌਤੇ ਦੇ ਸੰਚਾਲਣ ਤੋਂ ਸੰਤੁਸ਼ਟ ਹਨ। ਰੂਸ ਦਾ ਵੀ ਕਹਿਣਾ ਹੈ ਕਿ ਕੈਦੀਆਂ ਦੀ ਅਦਲਾ ਬਦਲੀ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਸੁਧਾਰ ਹੋਵੇਗਾ। ਦੋਵੇਂ ਦੇਸ਼ ਹਮੇਸ਼ਾ ਸੰਪਰਕ 'ਚ ਰਹਿਣ 'ਤੇ ਵੀ ਰਾਜ਼ੀ ਹਨ। ਉਨ੍ਹਾਂ ਨੇ ਭਵਿੱਖ 'ਚ ਨਾਰਮੈਂਡੀ ਫਾਰਮੈਟ ਦੇ ਅੰਤਰਗਤ ਸੰਮੇਲਨ ਕਰਵਾਉਣ 'ਤੇ ਸਹਿਮਤੀ ਪ੍ਰਗਟਾਈ ਹੈ। ਨਾਰਮੈਂਡੀ ਫਾਰਮੈਟ ਨੂੰ ਨਾਰਮੈਂਡੀ ਕਾਂਟੈਕਟ ਗਰੁੱਪ ਵੀ ਕਿਹਾ ਜਾਂਦਾ ਹੈ। ਪੂਰਬੀ ਯੂਕ੍ਰੇਨ 'ਚ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਇਸ ਸਮੂਹ 'ਚ ਫਰਾਂਸ, ਜਰਮਨੀ, ਯੂਕ੍ਰੇਨ ਤੇ ਰੂਸ ਦੇ ਸੀਨੀਅਰ ਡਿਪਲੋਮੈਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਚਾਰਾਂ ਦੇਸ਼ਾਂ ਦੇ ਆਗੂਆਂ ਦੇ ਸੰਮੇਲਨ ਦਾ ਵੀ ਪ੍ਰਸਤਾਵ ਦਿੱਤਾ ਹੈ। ਪੁਤਿਨ ਵੀ ਨਵੇਂ ਸੰਮੇਲਨ ਦੀ ਤਿਆਰੀ 'ਤੇ ਜ਼ੋਰ ਦੇ ਚੁੱਕੇ ਹਨ।